ਡਿਪੂ ਹੋਲਡਰ ਤੇ ਜੀਓਜੀ ਖਿਲਾਫ ਪਿੰਡ ਵਾਸੀਆਂ ਕੀਤੀ ਨਾਅਰੇਬਾਜੀ
ਰਾਸ਼ਨ ਦੇਣ 'ਚ ਘਪਲੇ ਦਾ ਜਤਾਇਆ ਸ਼ੱਕ
ਭਵਾਨੀਗੜ, 9 ਜੂਨ (ਗੁਰਵਿੰਦਰ ਸਿੰਘ): ਪਿੰਡ ਭਰਾਜ ਵਿਖੇ ਮੰਗਲਵਾਰ ਨੂੰ ਇਕੱਤਰ ਹੋਏ ਲੋਕਾਂ ਨੇ ਡਿਪੂ ਹੋਲਡਰ ਅਤੇ ਜੀਓਜੀ ਖਿਲਾਫ ਰੋਸ ਜਤਾਉੰਦਿਆ ਜੰਮਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਜਗਰੂਪ ਸਿੰਘ, ਮਲਕੀਤ ਕੌਰ, ਲਾਲ ਸਿੰਘ, ਸੁਰਜੀਤ ਸਿੰਘ, ਪ੍ਗਟ ਸਿੰਘ, ਮੱਘਰ ਸਿੰਘ, ਦੇਵ ਸਿੰਘ, ਯਾਦਵਿੰਦਰ ਸਿੰਘ, ਧਰਮਪਾਲ ਸਿੰਘ, ਜਗਵੰਤ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਕੌਰ, ਸਰਬਜੀਤ ਕੌਰ, ਜਗਤਾਰ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਪਿੰਡ ਦਾ ਡਿਪੂ ਹੋਲਡਰ ਤੇ ਜੀਓਜੀ ਆਪਣੀ ਮਰਜ਼ੀ ਨਾਲ ਬਿਨਾਂ ਪੰਚਾਇਤ ਅਤੇ ਪਿੰਡ ਦੀ ਸਬੰਧਤ ਕਮੇਟੀ ਤੋਂ ਲੋਕਾਂ ਨੂੰ ਸਰਕਾਰੀ ਰਾਸ਼ਨ ਦੀ ਵੰਡ ਕਰ ਦਿੰਦੇ ਹਨ ਤੇ ਜਿਸ ਵੰਡ ਦੌਰਾਨ ਪਿੰਡ ਦੇ ਕਈ ਗਰੀਬ ਲੋੜਵੰਦ ਪਰਿਵਾਰਾਂ ਨੂੰ ਲਾਰਾ ਲੱਪਾ ਲਾ ਕੇ ਕਣਕ ਅਾਦਿ ਦੇਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਣਕ ਅਤੇ ਦਾਲਾਂ ਵੰਡਣ ਵਿੱਚ ਕੋਈ ਘਪਲਾ ਕੀਤਾ ਜਾ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਪਿੰਡ ਦੀ ਸਰਪੰਚ ਹਰਪਾਲ ਕੌਰ ਦੇ ਲੜਕੇ ਰਾਮ ਸਿੰਘ ਨੇ ਦੱਸਿਆ ਕਿ ਜਦੋਂ ਵੀ ਕੋਈ ਸਰਕਾਰੀ ਰਾਸ਼ਨ ਆਉਂਦਾ ਹੈ ਤਾਂ ਡਿਪੂ ਹੋਲਡਰ ਅਤੇ ਜੀਓਜੀ ਪੰਚਾਇਤ ਅਤੇ ਪਿੰਡ ਪੱਧਰ 'ਤੇ ਬਣੀ ਫੂਡ ਸਪਲਾਈ ਕਮੇਟੀ ਤੋਂ ਚੋਰੀ ਵੰਡਦੇ ਹਨ। ਰਾਸ਼ਨ ਤੋਂ ਵਾਂਝੇ ਰਹੇ ਗਰੀਬ ਪਰਿਵਾਰ ਦੇ ਮੈੰਬਰਾਂ ਨੇ ਇਹ ਮਸਲਾ ਪੰਚਾਇਤ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਜਿਸ ਸਬੰਧੀ ਪੰਚਾਇਤ ਵੱਲੋਂ ਫੂਡ ਸਪਲਾਈ ਮਹਿਕਮੇ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਹੋਈ ਹੈ। ਓਧਰ ਦੂਜੇ ਪਾਸੇ ਜੀਓਜੀ ਧੀਰ ਸਿੰਘ ਦਾ ਕਹਿਣਾ ਹੈ ਕਿ ਰਾਸ਼ਨ ਸਿਰਫ ਉਨ੍ਹਾਂ ਵਿਅਕਤੀਆਂ/ਪਰਿਵਾਰਾਂ ਨੂੰ ਨਹੀਂ ਮਿਲਿਆ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਹਨ। ਜੀਓਜੀ ਨੇ ਕਿਹਾ ਕਿ ਪਿੰਡ ਦੀ ਧਰਮਸ਼ਾਲਾ ਵਿੱਚ ਕਣਕ ਵੰਡੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਸਲੇ ਦੀ ਆੜ 'ਚ ਸਗੋਂ ਪੰਚਾਇਤ ਧੱਕੇਸ਼ਾਹੀ ਕਰ ਰਹੀ ਹੈ ਤੇ ਉਨ੍ਹਾਂ 'ਤੇ ਬੇਬੁਨਿਆਦ ਦੋਸ਼ ਮੜੇ ਜਾ ਰਹੇ ਹਨ। ਜਦੋਂਕਿ ਸਬੰਧਤ ਡਿਪੂ ਹੋਲਡਰ ਫਕੀਰ ਚੰਦ ਦਾ ਕਹਿਣਾ ਹੈ ਕਿ ਸਰਕਾਰ ਤੇ ਵਿਭਾਗ ਵੱਲੋਂ ਜਾਰੀ ਹੋਈਆਂ ਲਿਸਟਾਂ ਮੁਤਾਬਕ ਹੀ ਰਾਸ਼ਨ ਵੰਡਿਆ ਜਾ ਰਿਹਾ ਹੈ ਫਿਰ ਵੀ ਕੋਈ ਜਾਇਜ਼ ਲਾਭਪਾਤਰੀ ਰਾਸ਼ਨ ਤੋਂ ਰਹਿ ਗਿਆ ਤਾਂ ਉਹ ਰਾਸ਼ਨ ਲੈਣ ਲਈ ਸੰਪਰਕ ਕਰ ਸਕਦਾ ਹੈ।