ਕਲਾਕਾਰ ਨੇ ਅੰਗਹੀਣ ਭਾਈਚਾਰੇ ਤੋਂ ਮੰਗੀ ਮੁਆਫੀ
ਭਵਾਨੀਗੜ, 9 ਜੂਨ (ਗੁਰਵਿੰਦਰ ਸਿੰਘ): ਅੰਗਹੀਣ ਵਰਗ ਦੀ ਨਕਲ ਕਰਕੇ ਮਜ਼ਾਕ ਉਡਾਉਣ 'ਤੇ ਕਲਾਕਾਰ ਗੁਰਚੇਤ ਚਿੱਤਰਕਾਰ ਨੂੰ ਭਾਈਚਾਰੇ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸੇ ਵੀਡੀਓ ਦੇ ਆਧਾਰ 'ਤੇ ਥਾਣਾ ਭਵਾਨੀਗੜ੍ਹ ਵਿੱਚ ਕੀਤੀ ਗਈ ਸ਼ਿਕਾਇਤ ਮਗਰੋਂ ਹੁਣ ਗੁਰਚੇਤ ਚਿੱਤਰਕਾਰ ਨੇ ਮੁਆਫੀ ਮੰਗ ਕੇ ਅੰਗਹੀਣ ਵਰਗ ਤੋਂ ਅਪਣਾ ਖਹਿੜਾ ਛੁਡਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਨਾਭਾ, ਚਮਕੌਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਗੁਰਚੇਤ ਚਿੱਤਰਕਾਰ ਨੇ ਆਪਣੇ ਟਿਕਟਾਕ ਅਕਾਊੰਟ 'ਤੇ ਅੰਗਹੀਣਾਂ ਦੀ ਨਕਲ ਕਰਕੇ ਇੱਕ ਵੀਡੀਓ ਪਾਈ ਸੀ ਜਿਸ ਨੂੰ ਲੈ ਕੇ ਅੰਗਹੀਣ ਭਾਈਚਾਰੇ ਨੇ ਇਸ ਤਰ੍ਹਾਂ ਅੰਗਹੀਣ ਲੋਕਾਂ ਦਾ ਮਜਾਕ ਬਣਾਉਣ 'ਤੇ ਸਖਤ ਇਤਰਾਜ਼ ਜਤਾਇਆ ਸੀ ਤੇ ਕਲਾਕਾਰ ਵਿਰੁੱਧ ਅੰਗਹੀਣ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਨ ਲਈ ਅੈਸਅੈਸਪੀ ਸੰਗਰੂਰ ਤੋਂ ਮੰਗ ਕੀਤੀ ਗਈ ਸੀ ਤੇ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਗੁਰਚੇਤ ਚਿੱਤਰਕਾਰ ਅੰਗਹੀਣ ਭਾਈਚਾਰੇ ਤੋਂ ਮੁਆਫੀ ਨਹੀਂ ਮੰਗਦਾ ਉਦੋ ਤੱਕ ਇਸ ਕਲਾਕਾਰ ਦਾ ਵਿਰੋਧ ਕੀਤਾ ਜਾਵੇਗਾ ਤਾਂ ਅਪਣੇ ਖਿਲਾਫ਼ ਲਗਾਤਾਰ ਵਧਦੇ ਰੋਸ ਨੂੰ ਵੇਖਦਿਆਂ ਗੁਰਚੇਤ ਚਿੱਤਰਕਾਰ ਨੇ ਸਮੂਹ ਅੰਗਹੀਣ ਵਰਗ ਤੋਂ ਮੁਆਫੀ ਮੰਗਦਿਆਂ ਵੀਡੀਓ ਨੂੰ ਹਟਾਉਣ ਦੀ ਵੀ ਗੱਲ ਆਖੀ ਹੈ। ਇਸ ਮੌਕੇ ਸਤਨਾਮ ਸਿੰਘ ਨਾਭਾ, ਚਮਕੌਰ ਸਿੰਘ ਭਵਾਨੀਗੜ੍ਹ, ਵੀਰ ਸਿੰਘ ਸਮਾਜ ਸੇਵੀ ਅਤੇ ਮਾਸਟਰ ਵਰਿੰਦਰ ਸੋਨੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਕਿਸੇ ਖਾਸ ਵਰਗ ਦਾ ਅਪਮਾਨ ਨਾ ਹੋਵੇ ਇਸਦੇ ਲਈ ਕੋਈ ਸਖਤ ਕਾਨੂੰਨ ਬਨਣਾ ਚਾਹੀਦਾ ਹੈ।