ਐਕਸੀਡੈਂਟ ਨੇ ਲਈ ਇਕ ਦੀ ਜਾਨ
ਅਧੂਰੇ ਪੁਲ਼ ਤੋਂ ਡਿੱਗਕੇ ਵਾਪਰਿਆ ਹਾਦਸਾ
ਖੰਨਾ 23 ਜੁਲਾਈ(ਇੰਦਰਜੀਤ ਸਿੰਘ ਦੈਹਿੜੂ) ਨੈਸ਼ਨਲ ਹਾਈਵੇ ਅਥਾਰਟੀ ਦੀ ਇਕ ਵੱਡੀ ਨਲਾਇਕੀ ਆਈ ਸਾਹਮਣੇ। ਜਦੋਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਏ ਜਾ ਰਹੇ ਨੀਲ਼ੋਂ ਨਹਿਰ ਦੇ ਪੁਲ਼ ‘ਤੇ ਸਮਰਾਲੇ ਵਾਲ਼ੇ ਪਾਸੇ ਤੋਂ ਇਕ ਮੋਟਰ-ਸਾਈਕਲ ਸਵਾਰ ਰਾਤ ਦੇ ਹਨੇਰੇ ਵਿੱਚ ਸਿੱਧਾ ਆਪਣਾ ਮੋਟਰ ਸਾਈਕਲ ਪੁਲ਼ ਉੱਤੇ ਲੈ ਚੜਿ੍ਹਆ ਪਰ ਦੂਜੇ ਪਾਸੇ ਪੁਲ਼ ਦਾ ਕੰਮ ਅਧੂਰਾ ਪਿਆ ਹੋਣ ਕਰਕੇ ਉੱਪਰੋਂ ਸਿੱਧਾ ਕਈ ਫੁੱਟ ਥੱਲੇ,ਸਮੇਤ ਮੋਟਰ-ਸਾਈਕਲ ਦੇ ਰਾਤ ਦੇ ਹਨੇਰੇ ਵਿੱਚ ਪੱਕੀ ਸੜਕ ‘ਤੇ ਆ ਡਿੱਗਾ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠਾ। ਪ੍ਰਤੱਖਦਰਸੀਆਂ ਤੋਂ ਪਤਾ ਲੱਗਿਆ ਹੈ ਕਿ ਇਹ ਗੁਰਸਿੱਖ ਨੌਜਵਾਨ ਫਤਹਿਗੜ੍ਹ ਸਾਹਿਬ ਦੇ ਅਮਰਗੜ੍ਹ ਪਿੰਡ ਦਾ ਰਹਿਣ ਵਾਲ਼ਾ ਸੀ। ਉਸਦੀ ਮਿ੍ਰਤਕ ਦੇਹ ਨੂੰ ਤਾਂ ਰਾਤ ਹੀ ਐਂਬੂਲੈੱਸ ਚੁੱਕ ਕੇ ਸਿਵਲ ਹਸਪਤਾਲ ਸਮਰਾਲਾ ਲੈ ਗਈ ਪਰ ਉਸਦੇ ਮੋਟਰ-ਸਾਈਕਲ ਨੂੰ ਸਵੇਰੇ ਸਮਰਾਲਾ ਥਾਣੇ ਦੀ ਪੁਲਿਸ ਨੇ ਜਾ ਕੇ ਚੁੱਕਿਆ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਸ ਪੁਲ਼ ਤੋਂ ਥੋੜ੍ਹਾ ਅੱਗੇ ਨੈਸ਼ਨਲ ਹਾਈਵੇ ਅਥਾਰਟੀ ਨੇ ਘੁਲਾਲ ਵਿਖੇ ਟੋਲ ਪਲਾਜਾ ਸ਼ੁਰੂ ਕੀਤਾ ਹੈ। ਜਿਸ ਦਾ ਸਮਰਾਲਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਭਾਰੀ ਵਿਰੋਧ ਵੀ ਕੀਤਾ ਸੀ ਅਤੇ ਮੰਗ ਕੀਤੀ ਸੀ ਕਿ ਜਦੋਂ ਤੱਕ ਨੈਸ਼ਨਲ ਹਾਈਏ ਰੋਡ ਦਾ,ਖ਼ਾਸ ਕਰਕੇ ਪੁਲ਼ਾਂ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਓਦੋਂ ਤੱਕ ਟੋਲ ਬੈਰੀਅਰ ਨੂੰ ਚਾਲੂ ਨਾ ਕੀਤਾ ਜਾਵੇ ਪਰ ਇਸ ਦੀ ਕਿਸੇ ਵੀ ਅਧਿਕਾਰੀ ਨੇ ਪ੍ਰਵਾਹ ਨਹੀਂ ਕੀਤੀ ਅਤੇ ਅੱਜ ਨਤੀਜਾ ਸਾਡੇ ਸਾਹਮਣੇ ਹੈ। ਇਸ ਮੌਕੇ ਸਮਰਾਲਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ,ਪ੍ਰਧਾਨ ਨੀਰਜ਼ ਸਿਹਾਲਾ ਅਤੇ ਜਨਰਲ ਸਕੱਤਰ ਦੀਪ ਦਿਲਬਰ ਨੇ ਕਿਹਾ ਕਿ ਇਸ ਤੋਂ ਵੱਡੀ ਕੀ ਗਲਤੀ ਹੋ ਸਕਦੀ ਹੈ ਕਿ ਤੁਸੀਂ ਇਕ ਪਾਸੇ ਤੋਂ ਪੁਲ਼ ਨੂੰ ਬਣਾਕੇ ਖੁੱਲ੍ਹਾ ਛੱਡ ਦੇਵੋਂ ਤੇ ਦੂਜੇ ਪਾਸੇ ਰਾਹਗੀਰ ਕਈ ਫੁੱਟ ਥੱਲੇ ਡਿੱਗਕੇ ਆਪਣੀਆਂ ਜਾਨਾਂ ਗਵਾਉਣ। ਅਹੁਦੇਦਾਰਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮਿ੍ਰਤਕ ਨੌਜਵਾਨ ਦੇ ਪਰਿਵਾਰ ਦੀ ਹਰ ਸੰਭਵ ਮਦਦ ਹੋਣੀ ਚਾਹੀਦੀ ਹੈ।