ਜਥੇਦਾਰ ਤਲਵੰਡੀ ਨੇ ਗੱਡਿਆ ਅਕਾਲੀ ਦਲ ਡੈਮੋਕ੍ਰੇਟਿਕ ਦਾ ਝੰਡਾ
ਜੱਸਾ ਸਿੰਘ ਗੱਲਵੱਡੀ ਨੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਚ ਪ੍ਗਟਾਇਆ ਭਰੋਸਾ
ਖੰਨਾ 25 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਅੱਜ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਨੇ ਖੰਨੇ 'ਚ ਆਪਣਾ ਝੰਡਾ ਗੱਡ ਦਿੱਤਾ ਹੈ। ਜਿਕਰਯੋਗ ਹੈ ਕਿ ਜਥੇਦਾਰ ਰਣਜੀਤ ਸਿੰਘ ਤਲਵੰਡੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿਕੇ ਕੱਲ ਹੀ ਅਕਾਲੀ ਦਲ ਡੈਮੋਕ੍ਰਟਿਕ ਚ ਸ਼ਾਮਲ ਹੋਏ ਸਨ। ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਤਲਵੰਡੀ, ਜਗਦੀਸ਼ ਸਿੰਘ ਗਰਚਾ, ਤਜਿੰਦਰਪਾਲ ਸਿੰਘ ਸੰਧੂ ਦੀ ਹਾਜਰੀ ਵਿੱਚ ਮਾਨ ਦਲ ਨਾਲ ਸਬੰਧਤ ਰਹੇ ਅਕਾਲੀ ਆਗੂ ਜੱਸਾ ਸਿੰਘ ਗੱਲਵੱਡੀ ਨੇ ਸਾਥੀਆਂ ਸਮੇਤ ਸ਼ਮੂਲੀਅਤ ਕਰਕੇ ਢੀਂਡਸਾ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ। ਇਸ ਮੌਕੇ ਜਥੇਦਾਰ ਨਿਧੱੜਕ ਸਿੰਘ ਬਰਾੜ, ਜੱਸਾ ਸਿੰਘ ਗੱਲਵਡੀ, ਸੁਖਵੰਤ ਸਿੰਘ ਟਿੱਲੂ ਅਤੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਈ ਮੁੱਦਿਆਂ 'ਤੇ ਅਕਾਲੀ ਬਾਦਲ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਤਿੱਖੇ ਸ਼ਬਦੀ ਹਮਲਿਆਂ ਨਾਲ ਘੇਰਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਸਮੂਹ ਪੰਥ ਦਰਦੀ ਸਾਡੇ ਨਾਲ ਆ ਰਹੇ ਹਨ। ਉਹਨਾਂ ਕਿਹਾ ਕਿ ਆਉਂਦੇ ਦਿਨਾਂ 'ਚ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਦਾ ਹੜ ਆ ਜਾਵੇਗਾ। ਕਿਉਂਕਿ ਅਕਾਲੀ ਦਲ ਬਾਦਲ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣ 'ਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਸਾਡੀ ਸੋਚ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਮੂਹ ਪੰਜਾਬੀਆਂ, ਸਮੂਹ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਬਣਾਈਏ।ਅਕਾਲੀ ਦਲ ਬਾਦਲ ਨਾਲ ਸਬੰਧਤ ਆਗੂਆਂ ਵਰਕਰਾਂ ਦੇ ਸ਼ਾਮਲ ਹੋਣ ਸਬੰਧੀ ਪੁੱਛਣ 'ਤੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਤੇ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ, ਪਰ ਅੱਜ ਮਾਨ ਦਲ ਨਾਲ ਸਬੰਧਤ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਸ਼ਾਮਲ ਕਰਨ ਸਬੰਧੀ ਪ੍ਰੋਗਰਾਮ ਸੀ। ਇਸ ਕਰਕੇ ਅਕਾਲੀ ਦਲ ਬਾਦਲ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਨੂੰ ਸੱਦਿਆ ਨਹੀਂ। ਜਥੇਦਾਰ ਤਲਵੰਡੀ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਇਹ ਕਾਫਲਾ ਹੋਰ ਵੱਡਾ ਹੋ ਕੇ ਤੇਜੀ ਨਾਲ ਅੱਗੇ ਵੱਧੇਗਾ। ਤਲਵੰਡੀ ਨੇ ਕਿਹਾ ਕਿ ਉਹ ਖੰਨਾ ਛੱਡਕੇ ਜਾਣ ਵਾਲੇ ਨਹੀਂ ਅਤੇ ਉਹਨਾਂ ਦੀ ਪਾਰਟੀ ਆਉਂਦੀਆਂ ਨਗਰ ਕੌਂਸਲ ਚੋਣਾਂ 'ਚ ਪੂਰੇ ਜੋਸ਼ੋ ਖਰੋਸ਼ ਨਾਲ ਭਾਗ ਲਵੇਗੀ।