ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਭਵਾਨੀਗੜ 26 ਜੁਲਾਈ { ਗੁਰਵਿੰਦਰ ਸਿੰਘ } ਇੱਥੋਂ ਨੇੜਲੇ ਪਿੰਡ ਬਿਜਲਪੁਰ ਵਿਖੇ ਮੂੰਗੀ ਦੀ ਫ਼ਸਲ ਕੱਟਣ ਸਮੇਂ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਕਿਸਾਨ ਗਗਨਦੀਪ ਸਿੰਘ ( 30 ) ਦੀ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਗਗਨਦੀਪ ਸਿੰਘ ਪੁੱਤਰ ਸਵਰਗੀ ਸਾਧੂ ਸਿੰਘ ਖੇਤ ਵਿੱਚ ਮੂੰਗੀ ਦੀ ਫਸਲ ਦੀ ਕੰਬਾਈਨ ਨਾਲ ਕਟਾਈ ਕਰ ਰਿਹਾ ਸੀ ਕਿ ਇਸੇ ਦੌਰਾਨ ਖੇਤ ਵਿੱਚੋਂ ਲੰਘ ਰਹੀ ਬਿਜਲੀ ਦੀ ਲਾਈਨ ਦੀਆਂ ਤਾਰਾਂ ਵਿੱਚੋਂ ਕਰੰਟ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਕੰਬਾਈਨ ਤੋਂ ਹੇਠਾਂ ਡਿੱਗ ਪਿਆ । ਜ਼ਖ਼ਮੀ ਹਾਲਤ ਵਿੱਚ ਗਗਨਦੀਪ ਸਿੰਘ ਨੂੰ ਇਲਾਜ ਲਈ ਸੰਗਰੂਰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ । ਗਗਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ।