ਆਨਲਾਈਨ ਪੜਾਈ ਦੇ ਬਹਾਨੇ ਹੋਈ ਲੁੱਟ ਖਿਲਾਫ ਸੰਘਰਸ਼ ਦਾ ਐਲਾਨ
ਸਕੂਲਾਂ ਵੱਲੋਂ ਮੰਗੀ ਜਾਂਦੀ ਫੀਸ ਵਿਰੁੱਧ ਸਿੱਖਿਆ ਮੰਤਰੀ ਦਾ ਘਰਾਓ ਇਕ ਨੂੰ - ਬਾਜਵਾ
ਭਵਾਨੀਗੜ 30 ਜੁਲਾਈ {ਗੁਰਵਿੰਦਰ ਸਿੰਘ} ਕਰੋਨਾ ਵਾਇਰਸ ਦੇ ਕਹਿਰ ਦੌਰਾਨ ਜਦੋਂ ਪਿਛਲੇ ਸਮੇਂ ਦੌਰਾਨ ਪੂਰੀ ਦੁਨੀਆ ਬੰਦ ਹੋ ਗਈ ਸੀ ਅਤੇ ਪੰਜਾਬ ਵਿੱਚ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਅਦਾਰੇ ਬੰਦ ਕਰ ਦਿੱਤੇ ਗਏ ਸਨ। ਇਸ ਲਾਕਡਾਊਨ ਦੇ ਸਮੇਂ ਪੰਜਾਬ ਦੇ ਪ੍ਰਾਈਵੇਟ ਸਕੂਲ ਬੰਦ ਸਨ, ਪਰ ਇਹਨਾਂ ਸਕੂਲਾਂ ਨੇ ਆਨਲਾਈਨ ਪੜਾਈ ਦੇ ਬਹਾਨੇ ਮਾਪਿਆਂ ਦੀ ਨਵੀਂ ਕਿਸਮ ਦੀ ਲੁੱਟ ਸ਼ੁਰੂ ਕਰ ਦਿੱਤੀ ਹੈ। ਇਸ ਲੁੱਟ ਵਿਰੁੱਧ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਮਾਪੇ ਅਤੇ ਕਈ ਸਮਾਜਸੇਵੀ ਜਥੇਬੰਦੀਆਂ ਅਤੇ ਪੰਜਾਬ ਏਕਤਾ ਪਾਰਟੀ ਲਗਾਤਾਰ ਸੰਘਰਸ਼ ਕਰ ਰਹੀ ਹੈ, ਇਸੇ ਸੰਘਰਸ਼ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ 1 ਅਗਸਤ 2020 ਨੂੰ ਮਾਪਿਆਂ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ, ਇਸ ਘਰਾਓ ਵਿੱਚ ਪੰਜਾਬ ਏਕਤਾ ਪਾਰਟੀ ਪੂਰਨ ਤੌਰ ਤੇ ਪੰਜਾਬ ਦੇ ਪੀੜਤ ਮਾਪਿਆਂ ਦਾ ਸਾਥ ਦੇਵੇਗੀ, ਇਹਨਾਂ ਵਿਚਾਰਾਂ ਦਾ ਪ੍ਗਟਾਵਾ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਸੰਗਰੂਰ ਤੋਂ ਪ੍ਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਕੀਤਾ। ਬਾਜਵਾ ਨੇ ਦਸਿਆ ਕਿ ਪ੍ਰਾਈਵੇਟ ਸਕੂਲ ਮਾਲਕ ਸਰਕਾਰ ਨਾਲ ਮਿਲ ਕੇ ਬੰਦ ਪਏ ਸਕੂਲਾਂ ਦੇ ਬਾਵਜੂਦ ਵੀ ਬੱਚਿਆਂ ਦੇ ਮਾਪਿਆਂ ਨੂੰ ਫੀਸ ਭਰਨ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜੋ ਕਿ ਬਹੁਤ ਮਾੜੀ ਗੱਲ ਹੈ ਕਿਉਂਕਿ ਲੋਕਡਾਊਨ ਕਰਕੇ ਸਭ ਦੇ ਕੰਮ ਕਾਰ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ ਅਤੇ ਲੋਕ ਇਸ ਕਰੋਨਾ ਦੀ ਮਹਾਮਾਰੀ ਨਾਲ ਪਹਿਲਾਂ ਹੀ ਇੱਕ ਕਿਸਮ ਦੀ ਜੰਗ ਲੜ ਰਹੇ ਹਨ ਅਤੇ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਇਸ ਸਮੇਂ ਮਾਪਿਆਂ ਦੀ ਹਾਲਤ ਨੂੰ ਸਮਝਦੇ ਹੋਏ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ, ਨਹੀਂ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਨੂੰ ਇਸਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ।
ਹਰਪ੍ਰੀਤ ਸਿੰਘ ਬਾਜਵਾ