ਵਰਤੀਆਂ ਹੋਈਆਂ ਪੀਪੀਈ ਕਿੱਟਾਂ ਮਿਲਣ ਨਾਲ ਇਲਾਕੇ 'ਚ ਦਹਿਸ਼ਤ
ਜਾਂਚ 'ਚ ਜੁਟਿਆ ਪ੍ਸ਼ਾਸ਼ਨ
ਭਵਾਨੀਗੜ੍ਹ, 26 ਅਗਸਤ (ਗੁਰਵਿੰਦਰ ਸਿੰਘ): ਇਲਾਕੇ 'ਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਲੋਕਾਂ ਨੇ ਪਟਿਆਲਾ ਰੋਡ 'ਤੇ ਸਥਿਤ ਪਿੰਡ ਨਦਾਮਪੁਰ ਨਹਿਰ ਦੇ ਕਿਨਾਰੇ ਤਿੰਨ ਵੱਖ-ਵੱਖ ਥਾਵਾਂ 'ਤੇ ਡਿੱਗੀਆਂ ਪਈਆਂ ਵਰਤੋੰ 'ਚ ਲਿਆਂਦੀਆ ਹੋਈਆਂ ਕੋਰੋਨਾ ਸਬੰਧੀ ਪੀਪੀਈ ਨੂੰ ਪਿਆ ਦੇਖਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੁਲਸ ਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੇ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਤੇ ਲੋਕਾਂ ਨੂੰ ਨੇੜੇ ਨਹੀੰ ਆਉਣ ਦੀ ਚੇਤਾਵਨੀ ਦਿੱਤਾ। ਮੁਢਲੀ ਜਾਂਚ ਦੌਰਾਨ ਪ੍ਰਸ਼ਾਸ਼ਨ ਨੂੰ ਪਤਾ ਲੱਗਿਆ ਕਿ ਇਹ ਵਰਤੋੰ 'ਚ ਲਿਆਂਦੀਆਂ ਹੋਈਆਂ ਪੀਪੀਈ ਕਿਟਾਂ ਹਨ ਤੇ ਇਸ ਤਰ੍ਹਾਂ ਇਹ ਕਿੱਟਾਂ ਕੌਣ ਅਤੇ ਕਿਸ ਮਕਸਦ ਨਾਲ ਇੱਥੇ ਸੁੱਟ ਕੇ ਗਿਆ ਅਧਿਕਾਰੀ ਇਸ ਬਾਰੇ ਜਾਂਚ ਕਰਨ ਦੀ ਗੱਲ ਆਖ ਰਹੇ ਹਨ। ਓਧਰ ਆਮ ਲੋਕ ਦਹਿਸ਼ਤ 'ਚ ਹਨ ਉਨ੍ਹਾਂ ਦਾ ਕਹਿਣਾ ਸੀਕਿ ਜੇਕਰ ਇਹ ਕਿੱਟਾਂ ਕੋਲੋੰ ਲੰਘਦੀ ਨਹਿਰ 'ਚ ਸੁੱਟ ਦਿੱਤੀਆਂ ਜਾਂਦੀਆਂ ਤਾਂ ਕਿਸੇ ਨੁਕਸਾਨ ਹੋਣ ਤੋੰ ਇਨਕਾਰ ਨਹੀੰ ਕੀਤਾ ਜਾ ਸਕਦਾ ਸੀ। ਫਿਲਹਾਲ ਪ੍ਰਸਾਸ਼ਨ ਮਾਮਲੇ ਦੀ ਜਾਂਚ ਵਿੱਚ ਜੁਟ ਗਿਆ ਹੈ। ਇਸ ਸਬੰਧੀ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਸਿਮਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਇਸਤੇਮਾਲ ਕੀਤੀਆਂ ਹੋਈਆਂ ਕਿੱਟਾਂ ਨੂੰ ਸੁੱਟਣਾ ਬੇਹੱਦ ਖਤਰਨਾਕ ਹੈ। ਅਗਰ ਕੋਈ ਵਿਅਕਤੀ ਜਾ ਬੇਜੁਬਾਨ ਜਾਨਵਰ ਇਨ੍ਹਾਂ ਨੂੰ ਛੂੰ ਲੈੰਦਾ ਤਾਂ ਵਾਇਰਸ ਅੱਗੇ ਫੈਲਣ ਦਾ ਡਰ ਬਣ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਕਿੱਟਾਂ ਨੂੰ ਤੁਰੰਤ ਹਟਾਇਆ ਜਾ ਰਿਹਾ ਹੈ। ਦੂਜੇ ਪਾਸੇ ਡਾ. ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫ਼ਸਰ ਭਵਾਨੀਗੜ੍ਹ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਇਸ ਤਰ੍ਹਾਂ ਕਿੱਟਾਂ ਖੁਲੇਆਮ ਰਸਤੇ 'ਚ ਸੁਟਣ ਨਾਲ ਇੰਨਫੈਕਸ਼ਨ ਫੈਲ ਸਕਦੀ ਹੈ ਤੇ ਪੁਲਸ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਨਦਾਮਪੁਰ ਨੇੜੇ ਡਿੱਗੀਆਂ ਪਈਆਂ ਪੀਪੀਈ ਕਿੱਟਾਂ ਦੀ ਜਾਂਚ ਕਰਦੇ ਹੋਏ ਮੁਲਾਜ਼ਮ