ਮੁਲਾਜਮ ਫੈਡਰੇਸ਼ਨ ਵਲੋਂ ਪੰਜਾਬ ਬੰਦ ਦਾ ਕੀਤਾ ਸਮਰਥਨ
ਸਮੂਹ ਮੁਲਾਜ਼ਮਾਂ ਤੇ ਵਰਕਰਾਂ ਨੂੰ 25 ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ
ਗੁਰਵਿੰਦਰ ਸਿੰਘ {ਭਵਾਨੀਗੜ} ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਸੰਗਰੂਰ ਦੇ ਆਗੂਆਂ ਸਵਰਨਜੀਤ ਸਿੰਘ, ਰਘਵੀਰ ਸਿੰਘ ਭਵਾਨੀਗੜ੍ਹ, ਹਰਜੀਤ ਵਾਲੀਆ, ਨਿਰਭੈ ਸਿੰਘ, ਕੁਲਦੀਪ ਸਿੰਘ, ਗੁਰਚਰਨ ਅਕੋਈ, ਦਰਸ਼ਨ ਝਨੇੜੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਕਿਸਾਨੀ ਵਿਰੁੱਧ ਲਿਆਂਦੇ ਤਿੰਨ ਆਰਡੀਨੈਂਸਾਂ ਨੂੰ ਸੰਸਦ ਦੇ ਅਜਲਾਸ ਵਿੱਚ ਭਾਜਪਾ ਖੇਮੇ ਵੱਲੋਂ ਬਹੁਸੰਮਤੀ ਨਾਲ ਪਾਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਵਿੱਚ ਕਾਂਗਰਸ, ਅਕਾਲੀ ਦਲ, ਆਪ ਅਤੇ ਦੋ ਹੋਰ ਪਾਰਟੀਆਂ ਨੇ ਸੰਸਦ ਵਿੱਚ ਇਹਨਾ ਬਿੱਲਾਂ ਦਾ ਰਸਮੀਂ ਵਿਰੋਧ ਜ਼ਰੂਰ ਕੀਤਾ ਪ੍ਰੰਤੂ ਬਾਅਦ ਵਿੱਚ ਵਾਕ ਆਊਟ ਕਰਕੇ ਬਿੱਲਾਂ ਨੂੰ ਪਾਸ ਕਰਨ ਵਿੱਚ ਮੱਦਦ ਕੀਤੀ ਹੈ। ਇਸੇ ਤਰ੍ਹਾਂ ਬਿਜਲੀ ਬਿੱਲ 2020 ਰਾਹੀਂ ਬਿਜਲੀ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਕਾਰਪੋਰੇਟਾਂ ਨੂੰ ਮੁਨਾਫ਼ੇ ਦੇਣ ਲਈ ਤੇਲ ਦੀਆਂ ਕੀਮਤਾਂ ਆਪਣੇ ਸਿਖ਼ਰ 'ਤੇ ਹਨ, ਜਦੋਂ ਕਿ ਕੌਮਾਂਤਰੀ ਮੰਡੀ ਵਿੱਚ ਕੱਚਾ ਤੇਲ 35 ਡਾਲਰ ਪ੍ਰਤੀ ਬੈਰਲ ਹੈ। ਪੂਰੇ ਭਾਰਤ ਵਿੱਚ ਬੁੱਧੀਜੀਵੀਆਂ ਅਤੇ ਪ੍ਰਗਤੀਸ਼ੀਲ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਲੋਕਾਂ ਕੋਲੋਂ ਵਿਰੋਧ ਕਰਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਇਨ੍ਹਾਂ ਲੋਕ ਵਿਰੋਧੀ ਅਤੇ ਖੇਤੀ ਮਾਰੂ ਫ਼ੈਸਲਿਆਂ ਖ਼ਿਲਾਫ ਪੰਜਾਬ ਦੇ ਕਿਸਾਨ ਸੰਘਰਸ਼ ਦੇ ਮੈਦਾਨ ਵਿੱਚ ਹਨ ਅਤੇ ਪੰਜਾਬ ਦੀਆਂ ਇਕੱਤੀ ਕਿਸਾਨ ਜੱਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਮੁਕੰਮਲ ਬੰਦ ਕੀਤਾ ਜਾ ਰਿਹਾ ਹੈ। ਡੀ.ਐੱਮ.ਐੱਫ. ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਮੁਲਾਜ਼ਮ, ਅਧਿਆਪਕ, ਆਸ਼ਾ ਵਰਕਰਾਂ, ਫੈਸਿਲੀਟੇਟਰਾਂ, ਮਿਡ-ਡੇ-ਮੀਲ ਵਰਕਰਾਂ, ਕੱਚੇ ਵਰਕਰ ਅਤੇ ਠੇਕਾ ਮੁਲਾਜ਼ਮ ਇਸ ਬੰਦ ਦੌਰਾਨ ਡੀ.ਐੱਮ. ਐੱਫ. ਦੇ ਬੈਨਰ ਹੇਠ ਕਿਸਾਨ ਜਥੇਬੰਦੀਆਂ ਦੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ। ਇਸ ਮੌਕੇ ਬਬਨਪਲ, ਰਾਜਿੰਦਰ ਸਿੰਘ, ਮੇਘ ਰਾਜ, ਅਮਨ ਵਿਸ਼ਿਸਟ, ਸੁਖਵਿੰਦਰ ਗਿਰ, ਯੋਗਿਤਾ ਰਾਣੀ, ਕਰਮਜੀਤ ਨਦਾਮਪੁਰ, ਸੁਖਵਿੰਦਰ ਸੁੱਖ, ਯਾਦਵਿੰਦਰ ਧੂਰੀ ਆਦਿ ਮੌਜੂਦ ਰਹੇ।