ਇਨਕਮ ਟੈਕਸ ਦੇ ਅਧਿਕਾਰੀ ਬਣ ਮਾਰਿਆ ਛਾਪਾ
ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਹੋਏ ਰਫ਼ੂ ਚੱਕਰ
ਭਵਾਨੀਗੜ੍ਹ(ਗੁਰਵਿੰਦਰ ਸਿੰਘ): ਸਥਾਨਕ ਸ਼ਹਿਰ ਦੀ ਢੋਡਿਆ ਪੱਤੀ ਵਿਖੇ ਸਥਿਤ ਸਾਂਝੀ ਰਸੋਈ ਨੇੜੇ ਅੇਜ ਸਵੇਰੇ ਫੂਡ ਐਂਡ ਸਪਲਾਈ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਦੀ ਰੇਡ ਕਹਿ ਕੇ ਦਾਖ਼ਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਘਰ 'ਚੋਂ ਲੱਖਾਂ ਰੁਪਏ ਦੀ ਨਗਦੀ, ਭਾਰੀ ਮਾਤਰਾਂ 'ਚ ਸੋਨੇ ਅਤੇ ਚਾਂਦੀ ਦੇ ਗਹਿਣੇ, ਐੱਫ. ਡੀ. ਜੀ, ਗੱਡੀ ਦੀ ਚਾਬੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਐਂਡ ਸਪਲਾਈ ਦੇ ਸੇਵਾ ਮੁਕਤ ਅਧਿਕਾਰੀ ਕ੍ਰਿਸ਼ਨ ਕੁਮਾਰ ਕੋਹਲੀ ਜੋ ਕਿ ਹੁਣ ਇਕ ਪੈਟਰੋਲ ਪੰਪ ਚਲਾਉਂਦੇ ਹਨ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਕੁਝ ਵਿਅਕਤੀ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਦੇ ਬੈੱਡ ਰੂਮ ਦਾ ਦਰਵਾਜ਼ਾ ਖੜਕਾਇਆ ਅਤੇ ਜਦੋਂ ਉਨ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਅਣਪਛਾਤੇ ਵਿਅਕਤੀਆਂ ਜਿਨ੍ਹਾਂ 'ਚੋਂ ਕੁਝ ਨੇ ਪੁਲਸ ਦੀ ਵਰਦੀ ਵੀ ਪਾਈ ਹੋਈ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਇਨਕਮ ਟੈਕਸ ਦੇ ਅਧਿਕਾਰੀ ਦੱਸਦੇ ਹੋਏ ਕਿਹਾ ਕਿ ਇਹ ਇਨਕਮ ਟੈਕਸ ਦੀ ਰੇਡ ਹੈ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਤੁਸੀਂ ਚਿੱਟਾ ਵੇਚਣ ਦਾ ਧੰਦਾ ਕਰਦੇ ਹੋ ਅਤੇ ਤੁਹਾਡੇ ਘਰ ਬੇਸਮੈਂਟ ਹੈ। ਜਿਸ 'ਚ ਤੁਸੀ ਇਹ ਚਿੱਟਾ ਅਤੇ ਕਾਲਾ ਪੈਸਾ ਲੁਕਾਇਆ ਹੋਇਆ ਹੈ। ਜਿਸ ਦੀ ਅਸੀਂ ਤਲਾਸ਼ੀ ਲੈਣੀ ਹੈ। ਸ੍ਰੀ ਕੋਹਲੀ ਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਅਣਪਛਾਤਿਆਂ ਨੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਘਰ ਅੰਦਰ ਹੀ ਬੰਦੀ ਬਣਾ ਲਿਆ। ਇਥੋਂ ਤੱਕ ਕਿ ਪੇਸ਼ਾਬ ਕਰਨ ਲਈ ਕਿਸੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਅਤੇ ਉਨ੍ਹਾਂ ਕੋਲੋਂ ਘਰ ਦੀਆਂ ਸਾਰੀਆਂ ਅਲਮਾਰੀਆਂ, ਲਾਕਰ, ਪੇਟੀਆਂ ਦੀਆਂ ਚਾਬੀਆਂ ਲੈ ਕੇ ਘਰ ਅੰਦਰ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ ਅਤੇ ਘਰ ਅੰਦਰ ਅਲਮਾਰੀਆਂ 'ਚ ਪਈ ਲੱਖਾਂ ਰੁਪਏ ਦੀ ਨਗਦੀ, ਸਾਰੇ ਪਰਿਵਾਰ ਦੇ ਸੋਨੇ ਚਾਂਦੀ ਦੇ ਗਹਿਣੇ, ਐੱਫ. ਡੀ. ਅਤੇ ਹੋਰ ਜ਼ਰੂਰੀ ਦਸਤਾਵੇਜ਼ ਉਨ੍ਹਾਂ ਇਕੱਠੇ ਕਰ ਲਏ ਅਤੇ ਉਨ੍ਹਾਂ ਤੋਂ ਕਾਰ ਦੀ ਚਾਬੀ ਵੀ ਫੜ ਲਈ।ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਨੇ ਇਹ ਸਾਰੀ ਨਗਦੀ, ਸੋਨ ਚਾਂਦੀ ਦੇ ਗਹਿਣੇ ਅਤੇ ਹੋਰ ਸਾਰਾ ਸਮਾਨ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉਨ੍ਹਾਂ ਅਣਪਛਾਤਿਆਂ ਨੇ ਨਾ ਹੀ ਨਗਦੀ ਦੀ ਕੋਈ ਗਿਣਤੀ ਕੀਤੀ ਅਤੇ ਨਾ ਹੀ ਗਹਿਣਿਆਂ ਦਾ ਕੋਈ ਭਾਰ ਕੀਤਾ ਅਤੇ ਉਨ੍ਹਾਂ ਨੂੰ ਇਕ ਸਾਦਾ ਕਾਗਜ਼ ਦੇ ਦਿੱਤਾ ਜਿਸ ਉਪਰ ਉਹ ਲਿੱਖ ਕੇ ਦੇ ਗਏ ਕਿ ਅਸੀਂ 3 ਲੱਖ 40 ਹਜਾਰ ਰੁਪਏ ਦੀ ਨਗਦੀ, 450 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ ਜਿਸ ਦਾ ਕੋਈ ਹਿਸਾਬ ਖਾਤੇ 'ਚ ਨਹੀਂ ਹੈ ਅਤੇ ਇਹ ਸਾਦਾ ਕਾਗਜ਼ ਉਨ੍ਹਾਂ ਨੂੰ ਦੇ ਕੇ ਇਹ ਕਹਿ ਕੇ ਚਲੇ ਗਏ ਹੁਣ ਅਸੀਂ ਤੁਹਾਡੇ ਨੌਕਰ ਦੇ ਘਰ ਰੇਡ ਕਰਨ ਲਈ ਜਾ ਰਹੇ ਹਾਂ ਅਤੇ ਫਿਰ 10 ਵਜੇ ਤਹਾਡੇ ਪੈਟਰੋਲ ਪੰਪ 'ਤੇ ਆਵਾਂਗੇ ਤੁਸੀਂ ਉਥੇ ਪਹੁੰਚੇ ਅਤੇ ਇਸ ਸਬੰਧੀ ਕਿਸੇ ਨੂੰ ਵੀ ਫੋਨ ਨਹੀਂ ਕਰਨਾ।
ਸ੍ਰੀ ਕੋਹਲੀ ਨੇ ਦੱਸਿਆ ਕਿ ਉਹ ਰਾਧਾ ਕ੍ਰਿਸ਼ਨ ਮੰਦਰ ਦੇ ਪ੍ਰਬੰਧਕ ਹਨ ਅਤੇ ਉਕਤ ਅਣਪਛਾਤੇ ਉਨਾਂ ਦੇ ਘਰੋਂ ਜੋ ਨਗਦੀ ਅਤੇ ਗਹਿਣੇ ਲੈ ਕੇ ਗਏ ਸਨ। ਉਸ 'ਚ ਮੰਦਰ ਦੀ ਚੜਾਵੇ ਦੀ ਰਾਸ਼ੀ ਅਤੇ ਕ੍ਰਿਸ਼ਨ ਭਗਵਾਨ ਜੀ (ਕਹਾਨਾ ਜੀ) ਦੀ ਸੋਨੇ ਦੀ ਬਾਂਸ਼ੁਰੀ, ਚਾਂਦੀ ਦਾ ਮੁਕਟ ਅਤੇ ਹੋਰ ਗਹਿਣੇ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਸੱਚਮੁਚ 'ਚ ਹੀ ਇਨਕਮ ਟੈਕਸ ਵਿਭਾਗ ਦੀ ਰੇਡ ਹੈ। ਜਿਸ ਕਰਕੇ ਉਹ ਤਰੁੰਤ ਆਪਣੇ ਪੈਟਰੋਲ ਪੰਪ ਉਪਰ ਚਲੇ ਗਏ। ਪਰ ਦੁਪਹਿਰ ਤੱਕ ਜਦੋਂ ਪੈਟਰੋਲ ਪੰਪ ਉਪਰ ਕੋਈ ਵੀ ਨਹੀਂ ਆਇਆ ਤਾਂ ਉਨ੍ਹਾਂ ਨੂੰ ਇਹ ਲੱਗਿਆ ਕਿ ਸ਼ਾਇਦ ਇਨਕਮ ਟੈਕਸ ਵਿਭਾਗ ਦੀ ਰੇਡ ਦੀ ਆੜ ਹੇਠ ਕੋਈ ਲੁਟੇਰਾ ਗਿਰੋਹ ਉਨ੍ਹਾਂ ਦੇ ਘਰ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇ ਕੇ ਉਨ੍ਹਾਂ ਦਾ ਸਭ ਕੁਝ ਲੁੱਟ ਕੇ ਲੈ ਗਿਆ ਹੈ। ਜਿਸ ਦੀ ਸੂਚਨਾ ਫਿਰ ਉਨਾਂ ਨੇ ਸਥਾਨਕ ਪੁਲਸ ਨੂੰ ਦਿੱਤੀ। ਘਟਨਾ ਵਾਲੀ ਥਾਂ ਆਪਣੀ ਪੁਲਸ ਪਾਰਟੀ ਸਮੇਤ ਜਾਂਚ ਲਈ ਪਹੁੰਚੇ ਸਬ ਡਵੀਜ਼ਨ ਦੇ ਡੀ.ਐੱਸ.ਪੀ ਸੁਖਰਾਜ ਸਿੰਘ ਘੁੰਮਣ ਨੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜਾਂਚ ਦਾ ਵਿਸ਼ਾ ਹੈ ਅਤੇ ਪੁਲਸ ਵੱਲੋਂ ਇਸ ਲਈ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪਰ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਭਾਰੀ ਦਹਿਸ਼ਤ ਦਾ ਮਾਹੋਲ ਹੈ। ਇਸ ਮੌਕੇ ਕਾਂਗਰਸੀ ਆਗੂ ਸੰਜੂ ਵਰਮਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਕਿਉਂਕਿ ਇਸ ਤਰ੍ਹਾਂ ਤਾਂ ਲੁਟੇਰਾ ਗਿਰੋਹ ਪੁਲਸ ਦੀਆਂ ਵਰਦੀਆਂ ਪਾ ਕੇ ਕਿਸੇ ਦੇ ਵੀ ਘਰ ਰੇਡ ਕਰਨ ਲਈ ਕਹਿ ਕੇ ਅਸਾਨੀ ਨਾਲ ਲੁੱਟ ਕੇ ਲਿਜਾਣ 'ਚ ਸਫ਼ਲ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਨੇ ਕਿਸੇ ਦੇ ਘਰ ਰੇਡ ਕਰਨੀ ਹੈ ਤਾਂ ਉਥੋਂ ਦੀ ਲੋਕਲ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਟੀਮ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਨਕਲੀ ਇਨਕਮ ਟੈਕਸ ਦੀ ਟੀਮ ਦਾ ਰੂਪ ਧਾਰਨ ਕਰਕੇ ਆਏ ਲੁਟੇਰਾ ਗਿਰੋਹ ਮੈਂਬਰਾਂ ਨੂੰ ਜਲਦ ਕਾਬੂ ਕੀਤਾ ਜਾਵੇ।