ਸਰਵਿਸ ਰੋਡ ਤੇ ਪੈਣ ਵਾਲੇ ਸੀਵਰੇਜ ਦੇ ਕੰਮ ਦੀ ਕੀਤੀ ਸ਼ੁਰੂਆਤ
ਭਵਾਨੀਗੜ੍ (ਗੁਰਵਿੰਦਰ ਸਿੰਘ)ਅੱਜ ਇੱਥੇ ਨਵੇਂ ਬੱਸ ਅੱਡੇ ਨੇੜੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਨਵੇਂ ਬੱਸ ਅੱਡੇ ਨੇੜੇ ਨੈਸ਼ਨਲ ਹਾਈਵੇਅ ਦੀ ਸਰਵਿਸ ਰੋਡ ਤੇ ਪੈਣ ਵਾਲੇ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕਹੀ ਦਾ ਟੱਕ ਲਗਾ ਕੇ ਕਰਵਾਈ । ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਤਕਰੀਬਨ 6 ਕਰੋੜ ਰੁਪਏ ਦੀ ਲਾਗਤ ਨਾਲ ਸਰਵਿਸ ਰੋਡ ਤੇ ਪੈਣ ਵਾਲੇ ਸੀਵਰੇਜ ਵਿੱਚ ਕਈ ਵਾਰਡਾਂ ਦੇ ਪਾਣੀ ਦਾ ਨਿਕਾਸ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਕੋਲ ਪੈਸੇ ਜਮਾਂ ਕਰਵਾ ਦਿੱਤੇ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਾਕੜਾ ਰੋਡ, ਬਖੋਪੀਰ ਰੋਡ, ਬਲਿਆਲ ਰੋਡ ਅਤੇ ਰਾਮਪੁਰਾ ਰੋਡ ਤੇ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਨ੍ਹਾਂ ਥਾਵਾਂ ਤੇ 31 ਦਸੰਬਰ ਤੱਕ ਸੜਕਾਂ ਦਾ ਨਿਰਮਾਣ ਵੀ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਾਰੇ ਕੰਮ ਜਲਦੀ ਨੇਪਰੇ ਚਾੜੇ ਜਾਣਗੇ । ਸ੍ਰੀ ਸਿੰਗਲਾ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਸਬੰਧੀ ਗੱਲ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ਼ ਕਿਸਾਨ ਨੁਮਾਇੰਦਿਆਂ ਨਾਲ ਵਰਤਾਓ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਸਮੁੱਚੇ ਪੰਜਾਬੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ । ਇਸ ਮੌਕੇ ਡਾ ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ , ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਪ੍ਰਦੀਪ ਕੱਦ, ਜਗਮੀਤ ਸਿੰਘ ਭੋਲਾ ਬਲਿਆਲ, ਵਿਪਨ ਕੁਮਾਰ ਸ਼ਰਮਾ, ਜਗਤਾਰ ਨਮਾਦਾ, ਗੁਰਪ੍ਰੀਤ ਸਿੰਘ ਕੰਧੋਲਾ ਅਤੇ ਹਰਮਨ ਨੰਬਰਦਾਰ ਵੀ ਹਾਜਰ ਸਨ ।