ਸਿੰਗਲਾ ਨੇ ਭਵਾਨੀਗੜ ਬੱਸ ਅੱਡੇ ਦਾ ਕੀਤਾ ਉਦਘਾਟਨ
ਨਗਰ ਕੌਂਸਲ ਨੂੰ ਵੀ ਮਿਲੀ ਨਵੀਂ ਇਮਾਰਤ
ਭਵਾਨੀਗੜ, 9 ਜਨਵਰੀ {ਗੁਰਵਿੰਦਰ ਸਿੰਘ}ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਅੱਜ ਭਵਾਨੀਗੜ ਵਿਖੇ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਬੱਸ ਅੱਡੇ ਦਾ ਉਦਘਾਟਨ ਕੀਤਾ ਅਤੇ ਇਸਦੇ ਨਾਲ ਹੀ ਨਗਰ ਕੌਂਸਲ ਭਵਾਨੀਗੜ ਦੀ ਵੀ 1 ਕਰੋੜ ਰੁਪਏ ਖਰਚ ਕੇ ਬਣਾਈ ਗਈ ਨਵੀਂ ਇਮਾਰਤ ਨੂੰ ਵੀ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਬੋਲਦਿਆਂ ਸਿੰਗਲਾ ਨੇ ਦੱਸਿਆ ਕਿ ਭਵਾਨੀਗੜ ਸ਼ਹਿਰ ਵਿਚ ਬੱਸ ਅੱਡਾ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਕਿ ਬੱਸਾਂ ਸੰਗਰੂਰ ਪਟਿਆਲਾ ਸੜਕ ’ਤੇ ਹੀ ਸਵਾਰੀਆਂ ਨੂੰ ਉਤਾਰਦੀਆਂ ਸਨ। ਉਨਾਂ ਕਿਹਾ ਕਿ ਠੰਡ ਅਤੇ ਮੀਂਹ-ਕਣੀ ਦੇ ਮੌਸਮ ਵਿਚ ਸਵਾਰੀਆਂ ਨੂੰ ਹੋਰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਬੱਸ ਸਟੈਂਡ ਬਣਨ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਹੋਵੇਗੀ, ਉੱਥੇ ਹੀ ਬੱਸ ਓਪਰੇਟਰਾਂ ਨੂੰ ਵੀ ਆਪਣੀਆਂ ਬੱਸਾਂ ਸੁਰੱਖਿਅਤ ਖੜੀਆਂ ਕਰਨ ਲਈ ਜਗਾ ਮਿਲੇਗੀ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸੇ ਤਰਾਂ ਨਗਰ ਕੌਂਸਲ ਭਵਾਨੀਗੜ ਦੀ ਪੁਰਾਣੀ ਇਮਾਰਤ ਬਾਜ਼ਾਰ ਵਿਚ ਹੋਣ ਕਾਰਨ ਇੱਥੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਟ੍ਰੈਫ਼ਿਕ ਸਮੇਤ ਹੋਰਨਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਹੀ ਹੁਣ ਕੌਂਸਲ ਦੀ ਇਮਾਰਤ ਨੂੰ ਵੀ ਬੱਸ ਅੱਡੇ ਅੰਦਰ ਹੀ ਬਣਾਇਆ ਗਿਆ ਹੈ ਤਾਂ ਜੋ ਸ਼ਹਿਰ ਤੇ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੇ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣਾ ਕੰਮ ਕਰਵਾ ਮੁੜ ਸਕਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਪੁਰਾਣੀ ਇਮਾਰਤ ਨੂੰ ਵੀ ਪਾਰਕਿੰਗ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਲਕੇ ਦੇ ਵਿਧਾਇਕ ਵਜੋਂ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਉਹ ਭਵਾਨੀਗੜ ਸ਼ਹਿਰ ਦੇ ਹਰ ਘਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਸੀਵਰੇਜ ਸਪਲਾਈ ਪਹੁੰਚਾਉਣਾ ਯਕੀਨੀ ਬਣਾਉਣਗੇ। ਉਨਾਂ ਦੱਸਿਆ ਕਿ ਪੀਣਯੋਗ ਪਾਣੀ ਤੇ ਸੀਵਰੇਜ ਦੀ ਸਪਲਾਈ ਲਾਈਨ ਪਾਉਣ ਦਾ ਕੰਮ ਖ਼ਤਮ ਹੋਣ ਤੋਂ ਤੁਰੰਤ ਬਾਅਦ ਸਬੰਧਤ ਇਲਾਕੇ ਵਿਚ ਗਲੀਆਂ ਤੇ ਸੜਕਾਂ ਪੱਕੀਆਂ ਕਰਵਾਉਣ ਦਾ ਕੰਮ ਵੀ ਉਹ ਆਪਣੀ ਦੇਖ-ਰੇਖ ਵਿਚ ਪੂਰਾ ਕਰਵਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਰਾਮਵੀਰ, ਚੇਅਰਪਰਸਨ ਜਸਵੀਰ ਕੌਰ, ਐਸ.ਡੀ.ਐਮ. ਡਾ. ਕਰਮਜੀਤ ਸਿੰਘ, ਕਾਰਜ ਸਾਧਕ ਅਫ਼ਸਰ ਰਕੇਸ਼ ਗਰਗ, ਹਰੀ ਸਿੰਘ, ਕਪਿਲ ਦੇਵ ਗਰਗ, ਨਾਨਕ ਚੰਦ, ਪ੍ਧਾਨ ਜਗਮੀਤ ਭੋਲਾ ਅਤੇ ਫਕੀਰ ਚੰਦ ਵੀ ਹਾਜ਼ਰ ਸਨ।