ਪਿੰਡ ਬੀਬੜੀ ਚ ਹੋਏ ਕਤਲ ਦੀ ਗੁੱਥੀ ਭਵਾਨੀਗੜ ਪੁਲਸ ਨੇ ਸੁਲਝਾਈ
ਕਤਲ ਕਰਨ ਵਾਲੇ ਦੋਵੇਂ ਸਕੇ ਭਰਾ ਪੁਲੀਸ ਨੇ ਕੀਤੇ ਕਾਬੂ
ਭਵਾਨੀਗੜ੍ਹ, 13 ਮਾਰਚ (ਗੁਰਵਿੰਦਰ ਸਿੰਘ )ਇੱਥੋਂ ਨੇੜਲੇ ਪਿੰਡ ਬੀਂਬੜੀ ਵਿਖੇ 8 ਮਾਰਚ ਦੀ ਸ਼ਾਮ ਨੂੰ ਹੋਏ ਇਕ ਨੌਜਵਾਨ ਗੁਰਬਾਜ ਸਿੰਘ ਦੇ ਕਤਲ ਸਬੰਧੀ ਭਵਾਨੀਗੜ੍ਹ ਪੁਲੀਸ ਨੇ ਬੀਂਬੜੀ ਪਿੰਡ ਦੇ ਹੀ ਦੋ ਸਕੇ ਭਰਾਵਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸੁਖਰਾਜ ਸਿੰਘ ਘੁੰਮਣ ਡੀਐਸਪੀ ਭਵਾਨੀਗੜ੍ਹ ਅਤੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ 8 ਮਾਰਚ ਦੀ ਸ਼ਾਮ ਨੂੰ ਇਤਲਾਹ ਮਿਲੀ ਕਿ ਪਿੰਡ ਬੀਂਬੜੀ ਵਿਖੇ ਕਿਸੇ ਨੌਜਵਾਨ ਦਾ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਉਹ ਜਦੋਂ ਪਿੰਡ ਬੀਂਬੜੀ ਪਹੁੰਚ ਤਾਂ ਉੱਥੇ ਸਰਦਾਰਾ ਸਿੰਘ ਵਾਸੀ ਬੀਂਬੜੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪੁੱਤਰ ਗੁਰਬਾਜ ਸਿੰਘ ਦਾ ਕਤਲ ਕਰ ਦਿੱਤਾ।ਇਸ ਉਪਰੰਤ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਐਸਐਸਪੀ ਸੰਗਰੂਰ ਅਤੇ ਐਸਪੀ ਸੰਗਰੂਰ ਦੀ ਅਗਵਾਈ ਹੇਠ ਪੁਲੀਸ ਟੀਮਾਂ ਬਣਾ ਕੇ ਇਸ ਕਤਲ ਦੀ ਵੱਖ-ਵੱਖ ਪੱਖਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ। ਪਿੰਡ ਦੇ ਸੀਸੀਟੀਵੀ ਕੈਮਰੇ ਵਿੱਚ ਕਤਲ ਕਰਨ ਦੀ ਕਾਰਵਾਈ ਕੈਦ ਹੋ ਜਾਣ ਕਾਰਣ ਇਨ੍ਹਾਂ ਨੂੰ ਬਾਰੀਕੀ ਨਾਲ ਘੋਖਿਆ ਗਿਆ। ਕਤਲ ਹੋਏ ਨੌਜਵਾਨ ਦੇ ਮੋਬਾਈਲ ਫੋਨ ਦੀਆਂ ਕਾਲਾਂ ਦੀ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਲਗਾਤਾਰ ਪੜਤਾਲ ਦੌਰਾਨ ਅਮਨਦੀਪ ਸਿੰਘ ਪੁੱਤਰ ਜੰਗ ਸਿੰਘ ਅਤੇ ਅੰਮਿ੍ਰਤਪਾਲ ਸਿੰਘ ਪੁੱਤਰ ਜੰਗ ਸਿੰਘ ਦੋਵੇਂ ਸਕੇ ਭਰਾ ਵਾਸੀ ਬੀਂਬੜੀ ਨੂੰ ਕਾਬੂ ਕਰਨ ਵਿਚ ਕਾਮਯਾਬ ਹੋ ਗਈ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਕਰਨ ਵਾਲੇ ਦੋਵੇਂ ਸਕੇ ਭਰਾਵਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਗੁਰਬਾਜ ਸਿੰਘ ਲਗਾਤਾਰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਕਾਰਣ ਉਹ ਅਜਿਹਾ ਕਦਮ ਚੁੱਕਣ ਲਈ ਮਜ਼ਬੂਰ ਹੋ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਪੁੱਛ ਪੜਤਾਲ ਕਰਨ ਲਈ ਰਿਮਾਂਡ ਲਿਆ ਜਾਵੇਗਾ।
ਪੁਲੀਸ ਸਟੇਸ਼ਨ ਭਵਾਨੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਰਾਜ ਸਿੰਘ ਘੁੰਮਣ ਡੀਐਸਪੀ ਭਵਾਨੀਗੜ੍ਹ ਅਤੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ।