ਭੱਟੀਵਾਲ ਦੇ ਸਰਪੰਚ ਨੂੰ ਥਾਣੇ ਲਿਆਓੁਣ ਤੋ ਬਾਅਦ ਮਾਮਲਾ ਭਖਿਆ
ਲੋਕਾ ਥਾਣੇ ਦਾ ਕੀਤਾ ਘਿਰਾਓ
ਭਵਾਨੀਗੜ੍ਹ 9 ਅਪ੍ਰੈਲ (ਗੁਰਵਿੰਦਰ ਸਿੰਘ )ਭਵਾਨੀਗੜ੍ਹ ਪੁਲੀਸ ਵੱਲੋਂ ਪਿੰਡ ਭੱਟੀਵਾਲ ਕਲਾਂ ਦੇ ਸਰਪੰਚ ਜਸ਼ਕਰਨ ਸਿੰਘ ਲੈਂਪੀ ਨੂੰ ਪਿੰਡ ਰਾਮਗੜ੍ਹ ਤੋਂ ਚੁੱਕ ਲਿਆਉਣ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਨੇ ਥਾਣੇ ਦਾ ਘਿਰਾਓ ਕੀਤਾ।ਧਰਨੇ ਵਿੱਚ ਸ਼ਾਮਲ ਸਰਪੰਚ ਦੇ ਪਿਤਾ ਦਰਸ਼ਨ ਸਿੰਘ ਨੰਬਰਦਾਰ, ਆਮ ਆਦਮੀ ਪਾਰਟੀ ਦੀ ਆਗੂ ਨਰਿੰਦਰ ਕੌਰ ਭਰਾਜ , ਪਤਨੀ ਮਨਿੰਦਰ ਕੌਰ, ਗੁਰਤੇਜ ਸਿੰਘ, ਸ਼ਿੰਦਰਪਾਲ ਸਿੰਘ, ਸਤਨਾਮ ਕੌਰ, ਰਣਧੀਰ ਸਿੰਘ,ਰਜਿੰਦਰ ਕੌਰ, ਮੋਹਨ ਸਿੰਘ, ਸੁਖਵਿੰਦਰ ਕੌਰ (ਸਾਰੇ ਪੰਚ) ,ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਤੇਜ ਸਿੰਘ, ਡਕੌਂਦਾ ਦੇ ਆਗੂ ਸੁਖਦੇਵ ਸਿੰਘ ਬਾਲਦ ਕਲਾਂ ਅਤੇ ਮੇਜਰ ਸਿੰਘ ਬਾਲਦ ਕਲਾਂ ਨੇ ਕਿਹਾ ਕਿ ਸਰਪੰਚ ਜਸਕਰਨ ਸਿੰਘ ਦੀ ਇਕ ਝਗੜੇ ਵਿੱਚ ਹਾਈਕੋਰਟ ਤੋਂ ਐਂਟਰੀ ਸਪੇਟਰੀ ਜਮਾਨਤ ਹੋਣ ਦੇ ਬਾਵਜੂਦ ਅੱਜ ਸਵੇਰੇ ਭਵਾਨੀਗੜ੍ਹ ਪੁਲੀਸ ਰਾਜਨੀਤਕ ਦਬਾਅ ਕਾਰਣ ਉਸ ਨੂੰ ਪਿੰਡ ਰਾਮਗੜ੍ਹ ਤੋਂ ਨਜਾਇਜ਼ ਤੌਰ ਤੇ ਚੁੱਕ ਲਿਆਈ । ਉਨ੍ਹਾਂ ਕਿਹਾ ਕਿ ਉਹ ਸਰਪੰਚ ਦੀ ਰਿਹਾਈ ਤੱਕ ਘਿਰਾਓ ਰੱਖਿਆ ਜਾਵੇਗਾ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਆਮ ਆਦਮੀ ਪਾਰਟੀ ਦੀ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਲਕਾ ਵਿਧਾਇਕ ਰਾਜਨੀਤਕ ਬਦਲਖੋਰੀ ਕਾਰਣ ਲੋਕਾਂ ਦੇ ਚੁਣੇ ਹੋਏ ਸਰਪੰਚਾਂ ਨੂੰ ਪੁਲੀਸ ਰਾਹੀਂ ਡਰਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਾਰਟੀ ਇਸ ਧੱਕੇਸਾਹੀ ਖਿਲਾਫ ਡਟਕੇ ਆਵਾਜ਼ ਬੁਲੰਦ ਕਰੇਗੀ । ਦੋ ਘੰਟਿਆਂ ਬਾਅਦ ਪੁਲੀਸ ਨੇ ਸਰਪੰਚ ਜਸਕਰਨ ਸਿੰਘ ਲੈਂਪੀ ਨੂੰ ਰਿਹਾਅ ਕਰ ਦਿੱਤਾ । ਰਿਹਾਅ ਹੋਣ ਉਪਰੰਤ ਸਰਪੰਚ ਜਸਕਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਕੈਬਨਿਟ ਮੰਤਰੀ ਸਿੰਗਲਾ ਦੇ ਸਿਆਸੀ ਦਬਾਅ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।