ਆਮ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਪਿੰਡ-ਪਿੰਡ ਜਾਰੀ
ਮਿੰਕੂ ਜਵੰਧਾ ਵੱਲੋਂ ਕਈ ਪਿੰਡਾਂ ਵਿੱਚ ਕੀਤੇ ਬਿਜਲੀ ਬਿੱਲ ਫੂਕ ਪ੍ਰਦਰਸ਼ਨ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਆਮ ਆਦਮੀ ਪਾਰਟੀ ਵੱਲੋਂ ਅੱਜ ਬਿਜਲੀ ਬਿਲਾਂ ਨੂੰ ਲੈ ਕੇ ਆਰੰਭ ਅੰਦੋਲਨ ਅੱਜ ਕਈ ਪਿੰਡਾਂ ਵਿਚ ਜਾਰੀ ਰਿਹਾ । ਅੱਜ ਪਿੰਡ ਮਾਝੀ ਵਿਖੇ ਪਾਰਟੀ ਦੇ ਸੂਬਾਈ ਆਗੂ ਡਾ: ਗੁਨਿੰਦਰਜੀਤ ਸਿੰਘ ਜਵੰਧਾ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਵੱਲੋਂ ਵੱਖ ਵੱਖ ਲੋਕਾਂ ਦੇ ਹਜ਼ਾਰਾਂ ਰੁਪਈਆਂ ਵਿਚ ਆਏ ਬਿਜਲੀ ਬਿੱਲਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਇਸ ਮੌਕੇ ਹਲਕਾ ਸੰਗਰੂਰ ਦੇ ਵੱਡੀ ਗਿਣਤੀ ਵਿੱਚ ਆਪ ਵਰਕਰ ਮੌਜੂਦ ਰਹੇ। ਪਿੰਡ ਮਾਝੀ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਆਗੂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਕੀ ਪੰਜਾਬ ਦੇ ਵੱਡੀ ਗਿਣਤੀ ਵਿੱਚ ਬਿਜਲੀ ਦੇ ਵਾਧੂ ਬਿਲਾਂ ਦਾ ਸੰਤਾਪ ਭੋਗ ਰਹੇ ਹਨ । ਉਨ੍ਹਾਂ ਪਿੰਡ ਦੇ ਕਈ ਵਿਅਕਤੀਆਂ ਦੇ ਬਿਜਲੀ ਬਿੱਲ ਵਿਖਾਏ ਜਿਨ੍ਹਾਂ ਦੇ ਦੋ ਕਮਰਿਆਂ ਵਿਚ ਲੱਗੇ ਬਿਜਲੀ ਕੁਝ ਕੁ ਉਪਕਰਨਾਂ ਦਾ ਬਿਲ ਹਜ਼ਾਰਾਂ ਵਿਚ ਭੇਜਿਆ ਜਾ ਚੁੱਕਿਆ ਹੈ ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਰਹਿਣ ਵਾਲੀ ਇਕ ਪੈਨਸ਼ਨਰ ਬੀਬੀ ਦੇ ਘਰ ਦਾ ਬਿੱਲ 40 ਹਜ਼ਾਰ ਰੁਪਏ ਆ ਗਿਆ ਹੈ ਅਤੇ ਇੱਕ ਮਜ਼ਦੂਰ ਦੇ ਘਰ ਦਾ ਬਿੱਲ 45 ਹਜਾਰ ਤੇ ਆ ਗਿਆ ਜਦੋਂ ਉਹ ਮਜ਼ਦੂਰ ਆਪਣਾ ਬਿੱਲ ਨਾ ਭਰ ਸਕਿਆ ਤਾਂ ਉਸ ਦਾ ਮੀਟਰ ਉਤਾਰ ਲਿਆ ਗਿਆ ਤੇ ਉਸ ਨੂੰ ਭਾਰੀ ਜੁਰਮਾਨਾ ਲਾ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਸਮੁੱਚੇ ਪੰਜਾਬ ਵਿੱਚ ਹਨ ਜਿਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਅੰਦੋਲਨ ਛੇੜਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਸੂਬੇ ਵਿੱਚ ਪਾਰਟੀ ਅਜਿਹੇ ਵਾਧੂ ਬਿਲਾਂ ਨੂੰ ਅੱਗ ਦੇ ਹਵਾਲੇ ਕਰੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਔਰਤਾਂ ਨੂੰ ਮੁਫਤ ਸਫਰ ਕਰਵਾਉਣ ਦੇ ਮਾਮਲੇ ਵਿੱਚ ਆਪਣੀ ਵਾਹ ਵਾਹ ਖੱਟੀ ਖੱਟ ਰਿਹਾ ਹੈ ਪਰ ਦੂਜੇ ਪਾਸੇ ਲੋਕਾਂ ਦੇ ਅਣਚਾਹਿਆ ਬਿਜਲੀ ਬਿਲਾਂ ਦਾ ਬੋਝ ਪਾ ਰਿਹਾ ਹੈ ਪਰ ਸਾਡੀ ਪਾਰਟੀ ਇਸਵ ਧੱਕੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਦੇ ਖ਼ਿਲਾਫ਼ ਹੇਠਲੇ ਪੱਧਰ ਤਕ ਪ੍ਰਦਰਸ਼ਨ ਕਰਕੇ ਵਿਰੋਧ ਕਰੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਹੋਰ ਵੀ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ