ਭਵਾਨੀਗੜ ਚ ਖੜੀ ਫਸਲ ਨੂੰ ਲੱਗੀ ਅੱਗ
ਭਵਾਨੀਗੜ੍ਹ  ,14 ਅਪ੍ਰੈਲ (ਗੁਰਵਿੰਦਰ ਸਿੰਘ) ਅੱਜ ਭਵਾਨੀਗੜ੍ਹ ਅਤੇ ਕਾਕੜਾ ਦੇ ਖੇਤਾਂ ਵਿੱਚ ਲੱਗੀ ਅੱਗ ਨਾਲ  25 ਏਕੜ ਕਣਕ ਅਤੇ 40 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ ।  ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕਾਕੜਾ ਦੇ ਖੇਤਾਂ ਵਿੱਚ ਖੜੀ ਕਣਕ ਨੂੰ ਅੱਗ ਲੱਗ ਗਈ, ਜੋ ਦੇਖਦਿਆਂ ਦੇਖਦਿਆਂ ਹੀ ਭਿਆਨਕ ਰੂਪ ਧਾਰਨ ਕਰਕੇ ਭਵਾਨੀਗੜ੍ਹ ਦੇ ਖੇਤਾਂ ਵਿੱਚ ਦਾਖਲ ਹੋ ਗਈ । ਲੋਕਾਂ ਨੇ ਆਪਣੇ ਟਰੈਕਟਰਾਂ ਤੇ ਹੋਰ ਸਾਧਨਾਂ ਰਾਹੀਂ ਜੋਖਮ ਉਠਾ ਕੇ ਵੱਡੀ ਜੱਦੋਜਹਿਦ ਕਰਕੇ ਅੱਗ ਤੇ ਕਾਬੂ ਪਾਇਆ, ਪਰ ਉਸ ਸਮੇ ਤੱਕ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਸੁਆਹ ਹੋ ਗਈ । ਦੇਰ ਨਾਲ ਪਹੁੰਚੇ ਫਾਇਰ ਬ੍ਰਿਗੇਡ ਤੋਂ ਪਹਿਲਾਂ ਲੋਕਾਂ ਨੇ ਅੱਗ ਬੁਝਾ ਦਿੱਤੀ ਸੀ  । ਮੌਕੇ ਤੇ ਆਏ ਨੈਬ ਤਹਿਸੀਲਦਾਰ ਭਵਾਨੀਗੜ੍ਹ ਸ੍ਰੀ ਰਾਜੇਸ਼ ਆਹੂਜਾ ਅਤੇ ਪਟਵਾਰੀ ਸੁਮਨਦੀਪ ਸਿੰਘ ਨੇ ਦੱਸਿਆ ਕਿ ਇਸ ਅੱਗ ਨਾਲ ਭਵਾਨੀਗੜ੍ਹ ਦੇ ਖੇਤਾਂ ਵਿੱਚ 25 ਏਕੜ ਦੇ ਕਰੀਬ ਕਣਕ ਸੜ ਗਈ ਹੈ ਅਤੇ 30 ਏਕੜ ਨਾੜ ਸੜ ਗਿਆ ਹੈ  । ਇਸੇ ਤੋਂ ਇਲਾਵਾ ਪਿੰਡ ਕਾਕੜਾ ਵਿੱਚ 5 ਏਕੜ ਨਾੜ ਸੜ ਗਿਆ ਹੈ  । ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਹੋਏ ਇਸ ਨੁਕਸਾਨ ਸਬੰਧੀ ਉਨ੍ਹਾਂ ਵੱਲੋਂ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ  ।