ਵੀਕਐਂਡ ਲਾਕਡਾਊਨ ਦੇ ਚੱਲਦਿਆਂ ਐਤਵਾਰ ਨੂੰ ਵੀ ਸ਼ਹਿਰ ਚ' ਪਰਸਿਆ ਰਿਹਾ ਸੰਨਾਟਾ
ਭਵਾਨੀਗੜ੍ਹ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆ ਹਦਾਇਤਾਂ ਅਨੁਸਾਰ ਕਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਦੇ ਲਈ ਲਾਏ ਗਏ ਹਫ਼ਤਾਵਰੀ ਕਰਫਿਊ ਦੌਰਾਨ ਐਤਵਾਰ ਨੂੰ ਵੀ ਭਵਾਨੀਗੜ੍ਹ ਸ਼ਹਿਰ ਅਤੇ ਇਲਾਕਾ ਮੁਕੰਮਲ ਤੌਰ 'ਤੇ ਬੰਦ ਰਿਹਾ। ਇਸ ਤੋੰ ਪਹਿਲਾਂ ਸ਼ਨੀਵਾਰ ਨੂੰ ਵੀਕਐਂਡ ਲਾਕਡਾਊਨ ਦੌਰਾਨ ਵੀ ਸ਼ਹਿਰ 'ਚ ਦੁਕਾਨਦਾਰਾਂ ਵੱਲੋਂ ਅਪਣੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰੱਖ ਕੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਸੀ ਤੇ ਐਤਵਾਰ ਨੂੰ ਦੂਜੇ ਦਿਨ ਵੀ ਕੋਰੋਨਾ ਖਿਲਾਫ ਜੰਗ ਜਿੱਤਣ ਨੂੰ ਲੈ ਅਪਣੀ ਜੁੰਮੇਵਾਰੀ ਸਮਝਦਿਆਂ ਲੋਕ ਕਾਰੋਬਾਰ ਬੰਦ ਕਰਕੇ ਅਪਣੇ ਘਰਾਂ 'ਚ ਹੀ ਰਹੇ। ਸਿਰਫ ਦਵਾਈਆਂ ਆਦਿ ਜਿਹੀ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਰਹੀਆਂ। ਸੜਕਾਂ ਉਪਰ ਆਵਾਜਾਈ ਵੀ ਨਾ-ਮਾਤਰ ਦੇਖਣ ਨੂੰ ਮਿਲੀ ਤੇ ਬਾਅਦ ਵਿੱਚ ਸੜਕਾਂ 'ਤੇ ਸਨਾਟਾ ਪਸਰ ਗਿਆ। ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਬ ਡਵੀਜ਼ਨ ਭਵਾਨੀਗੜ੍ਹ ਅੰਦਰ ਇਨ-ਬਿਨ ਪਾਲਣਾ ਕਰਵਾਉਣ ਲਈ ਪੁਲਸ ਤੇ ਸਿਵਲ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਮੁਸਤੈਦੀ ਦਿਖਾ ਰਿਹਾ ਹੈ ਉੱਥੇ ਹੀ ਲੋਕ ਵੀ ਲਾਕਡਾਊਨ ਦੀ ਪੂਰਨ ਤੌਰ 'ਤੇ ਪਾਲਣਾ ਕਰਦੇ ਦਿਖਾਈ ਦੇ ਰਹੇ ਹਨ ਅਤੇ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ 3 ਤੋਂ 20 ਮਈ ਤੱਕ ਪੂਰਨ ਲਾਕਡਾਊਨ ਦੇ ਕੀਤੇ ਜਾ ਰਹੇ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਲੋਕਾਂ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਸੀ ਕਿ ਜੇਕਰ ਸਰਕਾਰ ਨੇ ਪੂਰਨ ਲਾਕਡਾਊਨ ਲਗਾ ਦਿੱਤਾ ਤਾਂ ਗ਼ਰੀਬ ਅਤੇ ਆਮ ਵਰਗ ਇਸ ਵਿਚ ਪਿਸ ਕੇ ਰਹਿ ਜਾਣਗੇ ਅਤੇ ਉਨ੍ਹਾਂ ਲਈ ਵੱਡਾ ਆਰਥਿਕ ਸੰਕਟ ਖੜਾ ਹੋ ਜਾਵੇਗਾ। ਰੋਜ਼ਾਨਾ ਦਿਹਾੜੀਦਾਰ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ ਤੇ ਉਨ੍ਹਾਂ ਨੂੰ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੋ ਜਾਵੇਗਾ ਪਰੰਤੂ ਇਸ ਵਿਚਕਾਰ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਿਲਹਾਲ ਪੂਰਨ ਲਾਕਡਾਊਨ ਨਾ ਲਾਉਣ ਦੇ ਦਿੱਤੇ ਬਿਆਨ ਤੋੰ ਬਾਅਦ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਇਸ ਮੌਕੇ ਥਾਣਾ ਮੁਖੀ ਭਵਾਨੀਗੜ੍ਹ ਗੁਰਦੀਪ ਸਿੰਘ ਸੰਧੂ ਨੇ ਆਮ ਲੋਕਾਂ ਨੂੰ ਬਿਨਾਂ ਕੰਮ ਤੋ ਬਾਹਰ ਨਾ ਨਿਕਲਣ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ।