ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸਕੱਤਰ :- ਪ੍ਰਿੰਸੀਪਲ ਜੇ ਪੀ ਸਿੰਘ
ਪਟਿਆਲਾ 13 ਮਈ (ਬੇਅੰਤ ਸਿੰਘ ਰੋਹਟੀ ਖਾਸ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੱਤੀ ਸੰਕਟ ਦਿਨ ਬ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ। ਪੰਜਾਬ ਦੀ ਕੈਪਟਨ ਸਰਕਾਰ ਇਸ ਦਾ ਹੱਲ ਕੱਢਣ ਦੀ ਬਜਾਇ ਖ਼ੁਦ ਡਾਵਾਂ ਡੋਲ ਹੋ ਚੁੱਕੀ ਹੈ ਅਤੇ ਸਿਆਸੀ ਅਸਥਿਰਤਾ ਦਾ ਸ਼ਿਕਾਰ ਹੈ। ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ 14 ਯੂਨੀਵਰਸਿਟੀ ਕਾਲਜ ਅਤੇ 5 ਨੇਬਰਿੰਗ ਕੈਂਪੱਸ ਹਨ ਜਿਸ ਦੇ ਅਧਿਆਪਕਾਂ ਨੂੰ ਪਿਛਲੇ 2 ਮਹੀਨਿਆਂ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ ਅਤੇ ਗੈਸਟ ਫੈਕਲਟੀ ਨੂੰ ਤਾਂ ਤਨਖਾਹ ਮਿਲੇ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸਕੱਤਰ ਪ੍ਰਿੰਸੀਪਲ ਜੇ. ਪੀ. ਸਿੰਘ ਅਤੇ ਹਰਜੀਤ ਸਿੰਘ ਸਕੱਤਰ ਪਟਿਆਲਾ ਨੇ ਪ੍ਰੈਸ ਨਾਲ ਮਿਲਣੀ ਦੌਰਾਨ ਇਸ ਸੰਬੰਧੀ ਦੱਸਿਆ ਕਿ ਇਹ ਕਾਲਜ (ਮੀਰਾਂਪੁਰ,ਚੁੰਨੀ ਕਲਾਂ, ਘਨੌਰ, ਮੂਨਕ, ਬੇਨੜਾ, ਜੈਤੋ, ਫ਼ਰੀਦਕੋਟ, ਮਾਨਸਾ, ਬਹਾਦਰਪੁਰ, ਬਰਨਾਲਾ, ਢਿਲਵਾਂ, ਘੁੱਦਾ, ਰਾਮਪੁਰਾ ਫੂਲ, ਸਰਦੂਲਗੜ੍ਹ) ਅਤੇ (ਰੱਲਾ, ਝੁਨੀਰ, ਬਠਿੰਡਾ, ਮਲੇਰਕੋਟਲਾ, ਮੋਹਾਲੀ) ਵੱਖ ਵੱਖ ਜ਼ਿਲ੍ਹਿਆਂ ਵਿੱਚ ਸਾਲ 2011 ਵਿੱਚ ਜਾਂ ਉਸ ਤੋਂ ਵੀ ਪਹਿਲਾਂ ਰਾਸ਼ਟਰੀ ਉੱਚ ਸਤਰ ਸਿਕਸ਼ਾ ਅਭਿਆਨ ਸਕੀਮ ਤਹਿਤ ਬਣੇ ਸਨ ਅਤੇ ਕੇਂਦਰ ਸਰਕਾਰ ਵਲੋਂ ਭੇਜੀ ਗਰਾਂਟ ਨਾਲ ਉੱਥੇ ਬਣਾਏ ਗਏ ਸਨ ਜਿੱਥੇ ਸਾਖਰਤਾ ਦਰ 50 ਪ੍ਰਤੀਸ਼ਤ ਤੋਂ ਘੱਟ ਸੀ। ਇਨ੍ਹਾਂ ਕਾਲਜਾਂ ਦੇ ਕੁੱਝ ਅਧਿਆਪਕਾਂ ਨੇ ਪ੍ਰਿੰਸੀਪਲ ਜੇ. ਪੀ. ਸਿੰਘ ਨੂੰ ਮਿਲ ਕੇ ਦੱਸਿਆ ਕਿ ਯੂਨੀਵਰਸਿਟੀ ਜਨਰਲ ਸ਼ਾਖਾ ਵਿੱਚ ਲੱਗੀ ਸ਼੍ਰੀ ਮਤੀ ਇੰਦੂ ਗੰਭੀਰ ਰੂਪ ਵਿੱਚ ਕਰੋਨਾ ਪੀੜਤ ਹੈ ਜਿਸ ਨੇ ਰੋਂਦਿਆਂ ਆਪਣੀ ਵੀਡੀਓ ਵਾਇਰਲ ਕੀਤੀ ਕਿ ਉਸ ਨੂੰ ਤਨਖਾਹ ਦਿੱਤੀ ਜਾਵੇ ਪਰ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਤਨਖਾਹ ਨਾਂ ਮਿਲਣ ਕਾਰਨ ਸਾਰੇ ਮੂਲਾਜ਼ਮ ਗੰਭੀਰ ਆਰਥਕ ਸੰਕਟ ਵਿੱਚ ਹਨ ਜੋ ਨਾਂ ਤਾਂ ਬੱਚਿਆਂ ਦੀਆਂ ਫੀਸਾਂ ਦੇ ਪਾ ਰਹੇ ਹਨ ਅਤੇ ਨਾਂ ਹੀ ਵੱਖ ਵੱਖ ਤਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਭਰ ਸਕਦੇ ਹਨ। ਅਧਿਆਪਕਾਂ ਨੇ ਇਹ ਵੀ ਦੱਸਿਆ ਕਿ ਇਹ ਸਾਰੇ ਕਾਲਜ ਲਾਹੇ ਵੰਦ ਸਥਿਤੀ ਵਿੱਚ ਹਨ ਅਤੇ ਇਨ੍ਹਾਂ ਕਾਲਜਾਂ ਦਾ ਕਰੋੜਾਂ ਰੁਪਇਆ ਯੂਨੀਵਰਸਿਟੀ ਵਲੋਂ ਮੰਗਵਾਇਆ ਜਾ ਚੁੱਕਾ ਹੈ। ਪ੍ਰਿ. ਜੇ. ਪੀ. ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਨਵੇਂ ਕਾਲਜ ਖੋਲ੍ਹ ਰਹੀ ਹੈ ਪਰ ਦੂਜੇ ਪਾਸੇ ਪੁਰਾਣੇ ਕਾਲਜਾਂ ਦੇ ਮੁਲਾਜ਼ਮਾਂ ਨੂੰ ਤਨਖਾਹ ਨਾਂ ਦੇ ਕੇ ਬੰਦ ਕਰਨ ਦੀ ਸਕੀਮ ਬਣਾ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਸਮੂਹ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਸੰਕਟ ਨੂੰ ਵੇਖਦਿਆਂ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਤੁਰੰਤ ਰਿਲੀਜ਼ ਕੀਤੀ ਜਾਵੇ ਤਾਂ ਜੋ ਸੰਕਟ ਵੇਲੇ ਇਨ੍ਹਾਂ ਦਾ ਮਨੋਬਲ ਬਣਿਆ ਰਹੇ।