ਪੰਜਾਬ ਸਰਕਾਰ ਤੋ ਖਫਾ ਕਿਸਾਨ, ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕਰਨ ਦਾ ਐਲਾਨ
ਭਵਾਨੀਗੜ੍ਹ (ਗੁਰਵਿੰਦਰ ਸਿੰਘ ): ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਕਿਸਾਨ ਸੰਘਰਸ਼ ਕਮੇਟੀ ਜ਼ਿਲ੍ਹਾ ਸੰਗਰੂਰ ਦੀ ਇੱਕ ਅਹਿਮ ਮੀਟਿੰਗ ਇੱਥੇ ਪਿੰਡ ਰੌਸ਼ਨਵਾਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਹੋਈ। ਮੀਟਿੰਗ ਦੌਰਾਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ, ਗੁਰਨੈਬ ਸਿੰਘ ਫੱਗੂਵਾਲਾ ਤੇ ਦਰਸ਼ਨ ਸਿੰਘ ਕਮਾਲਪੁਰ ਨੇ ਕਿਹਾ ਕਿ ਮੰਗਾਂ ਸਬੰਧੀ ਕਮੇਟੀ ਦੀਆਂ ਕਈ ਮੀਟਿੰਗਾਂ ਪੰਜਾਬ ਸਰਕਾਰ ਨਾਲ ਵੀ ਹੋ ਚੁੱਕੀਆਂ ਹਨ ਪਰ ਸਰਕਾਰ ਨੇ ਕਿਸਾਨਾਂ ਨੂੰ ਮਾਰਕੀਟ ਵੈਲਿਊ ਤੇ ਦੋ ਦਾ ਮਲਟੀਪਲਾਈ ਫੈਕਟਰ ਅਤੇ ਉਜਾੜਾ ਭੱਤਾ ਦੇਣ ਸੰਬੰਧੀ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਨ ਲਈ ਤਿਆਰ ਨਹੀਂ ਹੈ, ਜਿਸਦੇ ਰੋਸ ਵੱਜੋਂ ਕਮੇਟੀ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ 17 ਮਈ ਸੋਮਵਾਰ ਨੂੰ ਕਿਸਾਨ ਰੋਸ਼ਨਵਾਲਾ ਵਿਖੇ ਪਟਿਆਲਾ- ਸੰਗਰੂਰ ਹਾਇਵੇ 'ਤੇ ਅਣਮਿਥੇ ਸਮੇਂ ਲਈ ਆਵਾਜਾਈ ਠੱਪ ਕਰਕੇ ਧਰਨਾ ਦੇਣਗੇ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੁਆਵਜਾ ਸਾਂਝੇ ਖਾਤੇ ਵਾਲੇ ਧਾਰਕਾਂ ਨੂੰ ਸਿਰਫ਼ ਕਾਬਜ਼ ਨੂੰ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨ ਸਿੰਘ ਭਵਾਨੀਗੜ੍ਹ, ਸੁਖਦੇਵ ਸਿੰਘ, ਜਸਬੀਰ ਸਿੰਘ ਕਪਿਆਲ, ਗੁਰਸੇਵਕ ਸਿੰਘ ਰਾਂਝਾ ਖੇੜੀ ਚੰਦਵਾਂ ਤੇ ਵੱਡੀ ਗਿਣਤੀ 'ਚ ਕਿਸਾਨ ਆਦਿ ਹਾਜ਼ਰ ਸਨ।