ਕਰੋਨਾ ਮਰੀਜ਼ਾਂ ਨੂੰ ਫਤਿਹ ਕਿੱਟਾਂ ਨਾ ਮਿਲਣ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ - ਮੇਘਚੰਦ ਸ਼ੇਰਮਾਜਰਾ
ਪਟਿਆਲਾ। 19 ਮਈ (ਬੇਅੰਤ ਸਿੰਘ ਰੋਹਟੀ ਖਾਸ) ਕਰੋਨਾ ਮਹਾਮਾਰੀ ਦੇ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ ਆਮ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਿਲਕੁਲ ਨਕਾਰਾ ਹੋ ਚੁੱਕੇ ਸਿਹਤ ਸੇਵਾਵਾਂ ਦੇ ਢਾਂਚੇ ਨੂੰ ਲੈਕੇ ਕੈਪਟਨ ਸਰਕਾਰ ਤੇ ਵੱਡਾ ਹਮਲਾ ਕੀਤਾ। ਪਾਰਟੀ ਵਲੋਂ ਅੱਜ ਜਿਲ੍ਹੇ ਦੀ ਸਮੂਹ ਲੀਡਰਸ਼ਿਪ ਨੇ ਜਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ ਅਤੇ ਜਿਲ੍ਹਾ ਪ੍ਰਧਾਨ ਦਿਹਾਤੀ ਮੇਘਚੰਦ ਸ਼ੇਰਮਾਜਰਾ ਅਤੇ ਜਿਲ੍ਹਾ ਸੈਕਟਰੀ ਗੁਰਮੁੱਖ ਸਿੰਘ ਪੰਡਤਾਂ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ।
ਇਸ ਮੋਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਪ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਮਹਾਮਾਰੀ ਦੋਰਾਨ ਸਿਹਤ ਸੇਵਾਵਾਂ ਅਤੇ ਹਸਪਤਾਲਾਂ ਵਿੱਚ ਸਰਕਾਰ ਦੇ ਪ੍ਰਬੰਧ ਬਿਲਕੁਲ ਨਕਾਰਾ ਹੋ ਚੁੱਕੇ ਹਨ। ਜਿਸ ਸਬੂਤ ਅੱਜ ਉਦੋਂ ਦੇਖਣ ਨੂੰ ਮਿਲਿਆ ਜਦੋਂ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਤੋਂ ਅੱਕਿਆ ਬਠਿੰਡਾ ‘ਏਮਜ਼’ ਸਟਾਫ ਵਾਪਸ ਪਰਤਿਆ ਗਿਆ।
ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਸੀ.ਐਮ. ਸਿਟੀ ਦੇ ਰਾਜਿੰਦਰਾ ਹਸਪਤਾਲ ਵਿਚ ਬਠਿੰਡਾ ‘ਏਮਜ਼’ ਹਸਪਤਾਲ ਦਾ ਮੇਲ ਸਟਾਫ ਇਕ ਦਿਨ ਡਿਊਟੀ ਨਿਭਾ ਕੇ ਮੁੜ ‘ਏਮਜ਼’ ਹਸਪਤਾਲ ਲਈ ਵਾਪਸ ਪਰਤ ਗਿਆ ਹੈ, ਜੋ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਨੇ ਕੋਵਿਡ ਵਾਰਡ ਵਿਚ ਤਾਇਨਾਤ ਕੀਤਾ ਸੀ। 50 ਦੇ ਕਰੀਬ ਮੇਲ ਨਰਸਿੰਗ ਸਟਾਫ ਜਾਂਦਾ ਹੋਇਆ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਕੀਤੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਗਿਆ ਹੈ। ਮੇਲ-ਸਟਾਫ ਨੇ ਖਾਣ-ਪੀਣ ਅਤੇ ਰਿਹਾਇਸ਼ੀ ਪ੍ਰਬੰਧਾਂ ’ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਸਾਰੇ ਸਟਾਫ ਨੂੰ ਕੋਰੋਨਾ ਮਰੀਜ਼ਾਂ ਵਾਲੀ ਐਂਬੂਲੈਂਸ ਵਿਚ ਲਿਜਾਇਆ ਜਾਂਦਾ ਰਿਹਾ ਹੈ। ਮੇਲ ਨਰਸਿੰਗ ਸਟਾਫ਼ ਨੇ ਪ੍ਰਸ਼ਾਸਨ ਵੱਲੋਂ ਕੀਤੇ ਮਾੜੇ ਅਤੇ ਘਟੀਆ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਰਾਜਿੰਦਰਾ ਹਸਪਤਾਲ ਨੂੰ ਇਕ ਵਾਰ ਮੁੜ ਸਵਾਲਾਂ ਦੇ ਕਟਹਿਰੇ ਵਿਚ ਲਿਆ ਖੜਾ ਕਰ ਦਿੱਤਾ ਹੈ। ਇਸ ਮੋਕੇ ਉਹਨਾਂ ਕਿਹਾ ਪੰਜਾਬ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਪ੍ਰਕੋਪ ਨੂੰ ਠੱਲ੍ਹਣ ਲਈ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ, ਅਤੇ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਲਗਾਤਾਰ ਕੇਸ ਵਧ ਰਹੇ ਹਨ। ਕਰੋਨਾ ਪੀੜਤ ਮਰੀਜ਼ ਅਤੇ ਆਮ ਲੋਕ ਵੀ ਕਈ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ। ਸਿਹਤ ਸੇਵਾਵਾਂ ਬਿਲਕੁਲ ਨਕਾਰਾ ਹੋ ਚੁੱਕੀਆਂ ਹਨ। ਆਮ ਲੋਕਾਂ ਹਸਪਤਾਲਾਂ ਵਿੱਚ ਫ਼ਹਿਤ ਕਿੱਟਾਂ, ਆਕਸੀਜਨ, ਬੈਡ, ਅਤੇ ਦਵਾਈਆਂ ਦੀ ਕਿੱਲਤ ਨਾਲ ਜੂਝ ਰਹੇ ਨੇ।ਰਾਜਿੰਦਰਾ ਹਸਪਤਾਲ ਵਿੱਚੋਂ ਕਰੋਨਾ ਮਰੀਜ਼ਾਂ ਨੂੰ ਲੱਗਣ ਵਾਲੇ ਟੋਸੀਲੀਜਮਬ ਦੇ ਲੱਖਾਂ ਦੇ ਟੀਕੇ ਚੋਰੀ ਹੋ ਰਹੇ ਹਨ। ਕੋਈ ਜਾਂਚ ਨਹੀਂ, ਕੇਂਦਰ ਸਰਕਾਰ ਵੱਲੋਂ ਭੇਜੇ ਗਏ 100 ਦੇ ਕਰੀਬ ਵੈਂਟੀਲੇਟਰਾਂ ਵਿੱਚੋਂ 80 ਦੇ ਕਰੀਬ ਖਰਾਬ ਪਏ ਹਨ। ਸਰਕਾਰ ਦਾ ਉਹਨਾਂ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਅਤੇ ਇਸਦੇ ਕੁਪ੍ਰਸ਼ਾਸਨ ਖਿਲਾਫ ਵੱਡੀ ਪੱਧਰ 'ਤੇ ਹੋ ਰਹੇ ਰੋਸ ਵਿਖਾਵਿਆਂ ਨੂੰ ਰੋਕਣ ਲਈ ਇਕਪਾਸੜ ਫੈਸਲੇ ਲੈ ਰਹੀ ਹੈ। ਉਹਨਾਂ ਸਰਕਾਰ ਨੂੰ ਆਖਿਆ ਕਿ ਉਹ ਲੋਕਾਂ ਦੇ ਜੀਵਨ ਤੇ ਰੋਜ਼ੀ ਰੋਟੀ ਦਰਮਿਆਨ ਸੰਤੁਲਨ ਕਾਇਮ ਕਰੇ। ਇੱਕ ਪਾਸੇ ਜਿੱਥੇ ਸੂਬੇ ਦੇ ਲੋਕ ਕਰੋਨਾ ਸੰਕਟ ਕਾਰਨ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ ਪ੍ਰੰਤੂ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਦਰਦ ਸੁਣਨ ਲਈ ਆਪਣੇ ਘਰ ਅਤੇ ਦਫ਼ਤਰ ਦੇ ਬੂਹੇ ਭੇੜ ਲਏ ਹਨ। ਇਹੀ ਨਹੀਂ ਪੰਜਾਬ ਸਿਵਲ ਸਕੱਤਰੇਤ ਅਤੇ ਜ਼ਿਲ੍ਹਾ ਹੈਡ ਕੁਆਟਰਾਂ ’ਤੇ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਮਿਲ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਹੈ।
ਆਪ ਆਗੂਆਂ ਨੇ ਕਿਹਾ ਕੈਪਟਨ ਸਾਹਿਬ ਅਤੇ ਇਸਦੇ ਮੰਤਰੀਆਂ ਨੂੰ ਇਸ ਕਰੋਨਾ ਮਹਾਮਾਰੀ ਵਿੱਚ ਕੁਰਸੀ ਦੀ ਲੜਾਈ ਛੱਡਕੇ ਆਮ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ। ਸਰਕਾਰ ਆਪਣੀਆਂ ਨਾਕਾਮੀਆਂ ਲੋਕਾਂ ਦੇ ਸਿਰ ਪਾਉਣ ਦੀ ਥਾਂ ਉਨ੍ਹਾਂ ਉੱਤੇ ਗੰਭੀਰਤਾ ਨਾਲ ਚਰਚਾ ਕਰੇ। ਸਰਕਾਰੀ ਹਸਪਤਾਲਾਂ ਵਿੱਚਲੇ ਮਾੜੇ ਪ੍ਰਬੰਧਾਂ ਦੀ ਜਾਂਚ ਕਰਵਾਈ ਜਾਵੇ। ਕੈਪਟਨ ਸਰਕਾਰ ਸਰਪੰਚਾਂ ਨਾਲ ਝੂਠੀ 'ਮਨ ਕੀ ਬਾਤ' ਕਰਨ ਦੀ ਥਾਂ ਕੋਰੋਨਾ ਮਾਮਲਿਆਂ ’ਚ ਫ਼ੇਲ ਹੋਣ ’ਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗੇ ਅਤੇ ਨਾਲ ਹੀ ਘਰਾਂ ਵਿੱਚ ਬੈਠੇ ਗਰੀਬ ਦਲਿਤ, ਅਤੇ ਪਿਛਲੇ ਵਰਗਾ ਦੇ ਲੋਕਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਤਿੰਨ ਮਹੀਨੇ ਰਾਸ਼ਨ ਅਤੇ 10 ਹਾਜ਼ਰ ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਪੈਕੇਜ ਦੇ ਕੇ ਰਾਹਤ ਦੇਣ ਦਾ ਕੰਮ ਕਰੇ। ਹੁਣ ਕੈਪਟਨ ਸਰਕਾਰ ਦੀਆਂ ਨਲਾਇਕੀਆਂ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹਰ ਸੁੱਖ-ਦੁੱਖ ਅਤੇ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।