ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਏ
ਰੁੱਖ ਹਰ ਮਨੁੱਖ ਨੂੰ ਦਿੰਦੇ ਨੇ ਆਕਸੀਜਨ: ਆਂਚਲ ਗਰਗ
ਭਵਾਨੀਗੜ੍ਹ, 22 ਮਈ ਗੁਰਵਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਅੱਜ ਭਵਾਨੀਗੜ੍ਹ ਵਿਖੇ ਹਲਕਾ ਸੰਗਰੂਰ ਦੇ ਸੀਨੀਅਰ ਯੂਥ ਆਗੂ ਆਂਚਲ ਗਰਗ ਤੇ ਉਹਨਾਂ ਦੇ ਹੋਰ ਸਾਥੀਆਂ ਵਲੋਂ ਵੱਖ ਵੱਖ ਥਾਵਾਂ ਤੇ ਆਕਸੀਜ਼ਨ ਪੈਦਾ ਕਰਨ ਵਾਲੇ ਬੂਟੇ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰਗ ਨੇ ਕਿਹਾ ਕਿ ਅੱਜ ਜੋ ਹਾਲਾਤ ਹਨ ਉਸ ਨਾਲ ਆਕਸੀਜ਼ਨ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਇਸ ਕਰਕੇ ਸਾਨੂੰ ਲੋੜ ਹੈ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਦੀ। ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਪੀੜਿਤ ਮਰੀਜਾਂ ਨੂੰ ਅੱਜ ਸਾਂਹ ਵੀ ਮੁੱਲ ਦੇ ਲੈਣੇ ਪੈ ਰਹੇ ਹਨ ਇਸ ਕਰਕੇ ਸਭ ਨੂੰ ਇਹੋ ਅਪੀਲ ਹੈ ਕੇ ਆਪਾਂ ਵਾਤਾਵਰਨ ਨੂੰ ਬਦਲੀਏ ਤੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਆਕਸੀਜਨ ਪੈਦਾ ਕਰਨ ਵਾਲੇ ਬੂਟੇ ਲਗਾਈਏ ਕਿਓਂਕਿ ਇਹ ਬੂਟੇ ਕਾਰਬਨਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲ ਕੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਅਤੇ ਸਾਨੂੰ ਆਕਸੀਜਨ ਦਿੰਦੇ ਹਨ । ਗਰਗ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਸਾਥੀਆਂ ਨਾਲ ਮਿਲ ਕੇ ਬੂਟੇ ਲਾਉਣ ਦੀ ਇੱਕ ਮੁੰਹਿਮ ਸ਼ੁਰੂ ਕੀਤੀ ਹੈ ਜਿਸ ਵਿੱਚ ਤਕਰੀਬਨ 200 ਬੂਟੇ ਭਵਾਨੀਗੜ੍ਹ ਵਿੱਚ ਲਗਾਏ ਜਾਣਗੇ ਤੇ ਇਸ ਤੋਂ ਬਾਅਦ ਪਿੰਡਾਂ ਵਿੱਚ ਜਾ ਕੇ ਵੀ ਬੂਟੇ ਲਾਉਣ ਦੀ ਇਸ ਮੁੰਹਿਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਗਰਗ ਨੇ ਇਹ ਵੀ ਕਿਹਾ ਕਿ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਤੇ ਹਲਕੇ ਦੇ ਸਾਰੇ ਲੀਡਰਾਂ ਨੂੰ ਇਸ ਵੇਲੇ ਚਾਹੀਦਾ ਹੈ ਕੇ ਰਾਜਨੀਤੀ ਨਾਲੋਂ ਲੋਕਾਂ ਦੀ ਸੇਵਾ ਵਿੱਚ ਹਿੱਸਾ ਪਾਉਣ ਕਿਓਂਕਿ ਰਾਜਨੀਤੀ ਤਾਂ ਉਹਨਾਂ ਸਾਰੀ ਉਮਰ ਹੀ ਕਰਨੀ ਹੈ ਇਸ ਵੇਲੇ ਉਹਨਾਂ ਸਭ ਨੂੰ ਚਾਹੀਦਾ ਹੈ ਕਿ ਹੋਰ ਕੰਮਾਂ ਨੂੰ ਛੱਡਕੇ ਪਹਿਲਾਂ ਲੋਕਾਂ ਲਈ ਕੁਝ ਕਰਨ । ਗਰਗ ਨੇ ਆਮ ਜਨਤਾ ਨੂੰ ਇੱਕ ਇਹ ਅਪੀਲ ਵੀ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਉਮੀਦਵਾਰ ਨੂੰ ਹੀ ਵੋਟਾਂ ਪਾਉਣ ਜਿਹੜਾ ਉਮੀਦਵਾਰ ਅੱਜ ਦੀ ਇਸ ਮੁਸ਼ਕਿਲ ਘੜੀ ਵਿੱਚ ਆਮ ਲੋਕਾਂ ਨਾਲ ਆ ਕੇ ਖੜਾ ਹੈ। ਅੱਜ ਦੀ ਇਸ ਮੁਹਿੰਮ ਵਿੱਚ ਕਾਂਗਰਸੀ ਆਗੂ ਹਰਵਿੰਦਰ ਸਿੰਘ ਸੱਗੂ, ਜੋਨੀ ਕਾਲੜਾ, ਅਸ਼ੋਕ ਕੁਮਾਰ ਅਸ਼ੋਕੀ ਤੇ ਹੋਰ ਸਾਥੀ ਮੌਜੂਦ ਸਨ।