ਗੰਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ
ਭਵਾਨੀਗੜ੍ਹ , 22 ਮਈ (ਗੁਰਵਿੰਦਰ ਸਿੰਘ )-ਭਵਾਨੀਗੜ੍ਹ ਸ਼ਹਿਰ ਦੇ ਗਾਂਧੀਨਗਰ ਵਿੱਚ ਪੈਂਦੇ ਵਾਰਡ ਨੰਬਰ 12 ਅਤੇ ਵਾਰਡ ਨੰਬਰ 14 ਦੇ ਵਾਸੀਆਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ।ਇਸ ਮੌਕੇ ਆਪ ਆਗੂ ਅਵਤਾਰ ਸਿੰਘ ਤਾਰੀ, ਸ਼ਰਨਜੀਤ ਕੌਰ ,ਸੁਰਜੀਤ ਕੌਰ, ਰਣਜੀਤ ਸਿੰਘ, ਬਲਦੇਵ ਸਿੰਘ, ਮੇਹਰ ਚੰਦ, ਮਨਜੀਤ ਕੌਰ ਅਤੇ ਸ਼ਵਿਤਰੀ ਦੇਵੀ ਨੇ ਕਿਹਾ ਕਿ ਦੋਵੇਂ ਵਾਰਡਾਂ ਵਿੱਚ ਪਾਏ ਗਏ ਘਟੀਆ ਸੀਵਰੇਜ ਬੰਦ ਰਹਿਣ ਕਾਰਣ ਗਲੀਆਂ ਵਿੱਚ ਗੰਦਾ ਪਾਣੀ ਖੜਾ ਰਹਿੰਦਾ ਹੈ ਅਤੇ ਹੁਣ ਤਾਂ ਇਹ ਗੰਦਾ ਪਾਣੀ ਗਲੀਆਂ ਵਿੱਚ ਲੱਗੇ ਹੋਏ ਘਰਾਂ ਦੇ ਕਈ ਮੀਟਰਾਂ ਵਿੱਚ ਵੀ ਭਰ ਗਿਆ ਹੈ । ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਹੀ ਗਲੀਆਂ ਵਿੱਚ ਖੜਾ ਇਹ ਗੰਦਾ ਪਾਣੀ ਹੋਰ ਵੀ ਭਿਆਨਕ ਬੀਮਾਰੀਆਂ ਫੈਲਾ ਸਕਦਾ ਹੈ।
ਦੋਵੇਂ ਵਾਰਡਾਂ ਦੇ ਲੋਕਾਂ ਨੇ ਕਿਹਾ ਕਿ ਮੌਜੂਦਾ ਸਰਕਾਰ, ਨਗਰ ਕੌਂਸਲਰ ਅਤੇ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ । ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਣਗੇ । ਇਸੇ ਦੌਰਾਨ ਵਾਰਡ ਨੰਬਰ 12 ਦੇ ਐਮਸੀ ਸੰਜੀਵ ਲਾਲਕਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਫਾਈ ਕਾਮਿਆਂ ਦੀ ਹੜਤਾਲ ਹੋਣ ਕਾਰਣ ਇਹ ਸਮੱਸਿਆ ਆ ਰਹੀ ਹੈ । ਪਰ ਫਿਰ ਵੀ ਉਹ ਇਸ ਮਸਲੇ ਨੂੰ ਜਲਦੀ ਹੱਲ ਕਰਨ ਦਾ ਯਤਨ ਕਰਨਗੇ ।

ਭਵਾਨੀਗੜ੍ਹ ਦੇ ਗਾਂਧੀਨਗਰ ਵਿਖੇ ਗੰਦੇ ਪਾਣੀ ਦੇ ਨਿਕਾਸ ਦੇ ਮਾੜੇ ਪ੍ਰਬੰਧ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਮੁਹੱਲਾ ਵਾਸੀ