ਦਿੱਲੀ ਬਾਰਡਰਾਂ ਤੇ ਡੱਟੇ ਬੈਠੇ ਕਿਸਾਨਾਂ ਨੂੰ ਛੇ ਮਹੀਨੇ ਪੂਰੇ
ਪਟਿਆਲਾ 25 ਮਈ(ਬੇਅੰਤ ਸਿੰਘ ਰੋਹਟੀ ਖਾਸ):- 26 ਮਈ ਨੂੰ ਦਿੱਲੀ ਘੇਰ ਕੇ ਬੈਠੇ ਹੋਏ ਕਿਸਾਨਾਂ ਨੂੰ ਛੇ ਮਹੀਨੇ ਪੂਰੇ ਹੋ ਜਾਣਗੇ। ਐਨੇ ਵੱਡੇ ਦੇਸ਼ ਦੀ ਰਾਜਧਾਨੀ ਨੂੰ ਉਹਦੇ ਹੀ ਕਿਸਾਨ ਲਗਾਤਾਰ ਘੇਰ ਕੇ ਬੈਠੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋੜਾਂ ਰੁਪਏ ਆਪਣੇ ਵਿਦੇਸ਼ੀ ਦੌਰਿਆਂ ਤੇ ਫੂਕ ਰਿਹਾ ਹੈ ਪਰ ਆਪਣੇ ਘਰ ਤੋਂ ਮਹਿਜ ਕੁਝ ਕਿਲੋਮੀਟਰ ਦੂਰ ਬੈਠੇ ਕਿਸਾਨਾਂ ਕੋਲ ਨਹੀਂ ਪਹੁੰਚ ਸਕਿਆ। ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਚਾਰ ਸੋ ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ ਪਰ ਜਾਲਮ ਹਕੂਮਤ ਟੱਸ ਤੋਂ ਮੱਸ ਨਹੀਂ ਹੋ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਕਰਦਿਆਂ ਸਿੰਘੂ ਬਾਡਰ ਦਿੱਲੀ ਤੋਂ ਕਿਸਾਨ ਆਗੂ ਬੰਟੀ ਸਿੰਘ ਖਾਨਪੁਰ, ਰਵਿੰਦਰ ਪਾਲ ਸਿੰਘ ਬਿੰਦਰਾ ਅਤੇ ਧਰਮ ਸਿੰਘ ਨੇ ਦੱਸਿਆ ਛੱਬੀ ਮਈ ਨੂੰ ਕਿਸਾਨ ਇਹ ਦਿਨ ਰੋਸ ਦਿਵਸ ਵਜੋਂ ਮਨਾਉਣ ਜਾ ਰਹੇ ਹਨ। ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦਿਨ ਦੇਸ਼ ਦੇ ਸਭ ਪੀੜਤ ਲੋਕ ਕਿਸਾਨਾਂ ਨਾਲ ਮਿਲ ਕੇ ਮੋਦੀ ਸਰਕਾਰ ਦੇ ਪੁਤਲੇ ਫੂਕਣਗੇ। ਆਪਣੇ ਘਰਾਂ ਤੇ ਕਾਲੇ ਝੰਡੇ ਲਗਾਉਣਗੇ ਅਤੇ ਰੋਸ ਵਜੋਂ ਕਾਲੇ ਕੱਪੜੇ ਪਹਿਨਣਗੇ। ਇਸ ਦਿਨ ਨੂੰ ਦਿੱਲੀ ਦੇ ਬਾਡਰਾਂ ਤੇ ਵੀ ਬਹੁਤ ਜੋਸ਼ ਨਾਲ ਮਨਾਇਆ ਜਾਵੇਗਾ ਜਿਸ ਲਈ ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਕਿਸਾਨ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਅਤੇ ਇੱਕ ਵਿਸ਼ਾਲ ਇਕੱਠ ਦੇਖਣ ਨੂੰ ਮਿਲੇਗਾ। ਸਾਰੇ ਕਿਸਾਨ ਲੀਡਰ ਆਪਣੇ ਆਪਣੇ ਵਿਚਾਰ ਪੇਸ਼ ਕਰਨਗੇ। ਬੰਟੀ ਸਿੰਘ ਖਾਨਪੁਰ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਆਉ ਅਸੀਂ ਸਾਰੇ ਇੱਕਜੁਟ ਹੋ ਕੇ ਬੇਰਹਿਮ ਹਕੂਮਤ ਖਿਲਾਫ ਲੋਕਤੰਤਰਿਕ ਤਰੀਕੇ ਨਾਲ ਲੜਾਈ ਲੜੀਏ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਈਏ।