ਕੇਂਦਰ ਦੀ ਮੋਦੀ ਸਰਕਾਰ ਰੋਜ਼ਾਨਾ ਤੇਲ ਕੀਮਤਾਂ ਵਧਾ ਕੇ ਲੋਕਾਂ ਦੀ ਜੇਬ ਨੂੰ ਲੁੱਟਕੇ ਆਪਣੇ ਵਪਾਰੀ ਮਿੱਤਰਾਂ ਦੀ ਜੇਬ ਭਰਨ ਦਾ ਕਰ ਰਹੀ ਕੰਮ - ਰਣਜੋਧ ਸਿੰਘ ਹਢਾਣਾ
ਪੈਟਰੋਲ ਅਤੇ ਡੀਜ਼ਲ ਦਾ ਰੇਟ 100 ਰੁ: ਦੇ ਨੇੜੇ ਪੁੱਜਾ, ਕਰੋਨਾ ਮਹਾਮਾਰੀ ਦੇ ਔਖੇ ਸਮੇਂ ਲੋਕਾਂ ਨੂੰ ਮਦਦ ਦੀ ਲੋੜ, ਲੁੱਟ ਦੀ ਨਹੀਂ - ਸੰਜੀਵ ਗੁਪਤਾ
ਪਟਿਆਲਾ 25 ਮਈ (ਬੇਅੰਤ ਸਿੰਘ ਰੋਹਟੀ ਖਾਸ)ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੋਰੋਨਾ ਦੌਰ ਚ ਹਰ ਰੋਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦੀ ਜੇਬ ਨੂੰ ਲੁੱਟਕੇ ਆਪਣੇ ਵਪਾਰੀ ਮਿੱਤਰਾਂ ਦੀ ਜੇਬ ਭਰਨ ਦਾ ਕੰਮ ਕਰ ਰਹੀ ਹੈ, ਜਦੋਂ ਕਿ ਲੋਕ ਪਹਿਲਾਂ ਹੀ ਕੋੋਰੋਨਾ ਮਹਾਮਾਰੀ ਕਾਰਨ ਬੇਰੁਜ਼ਗਾਰ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ (ਵਪਾਰ ਵਿੰਗ) ਰਣਜੋਧ ਸਿੰਘ ਹਡਾਨਾ ਅਤੇ ਸੰਜੀਵ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ (ਵਪਾਰ ਵਿੰਗ) ਨੇ ਤੇਲ ਕੀਮਤਾਂ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ।ਪ੍ਰੈਸ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਅਤੇ ਸੰਜੀਵ ਗੁਪਤਾ ਨੇ ਸਾਂਝੇ ਤੌਰ ਤੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਲੋਕਾਂ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਕਰਕੇ ਉਹਨਾਂ ਦਾ ਲੱਕ ਤੋੜਨ ਦਾ ਕੰਮ ਕਰ ਰਹੀ ਹੈ। ਤੇਲ ਕੀਮਤਾਂ ਵਿੱਚ ਵਾਧੇ ਨੇ ਸਿੱਧ ਕਰ ਦਿੱਤਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕ ਵਿਰੋਧੀ ਅਤੇ ਕਾਰਪੋਰਟਰਾਂ ਦੀ ਹਿਤੈਸੀ ਹੈ। ਉਨਾਂ ਦੋਸ਼ ਲਾਇਆ ਕਿ ਜਦੋਂ ਲੋਕ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ, ਉਸ ਸਮੇਂ ਮੋਦੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 25 ਰੁਪਿਆਂ ਦਾ ਵਾਧਾ ਕਰਕੇ ਇਸ ਦੀ ਕੀਮਤ 95 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈੇ। ਦੋਹਾਂ ਆਗੂਆਂ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਖੇਤੀਬਾੜੀ ਖੇਤਰ ਲਈ ਤਬਾਹਕੁਨ ਸਾਬਤ ਹੋ ਰਿਹਾ ਹੈ। ਇਸ ਵਾਧੇ ਨਾਲ ਫਸਲਾਂ ਦੀ ਬਿਜਾਈ, ਸਿੰਚਾਈ ਅਤੇ ਕਟਾਈ ਦੇ ਖਰਚੇ ਵੀ ਵੱਧ ਗਏ ਹਨ, ਜੋ ਪਹਿਲਾਂ ਹੀ ਕਰਜਾਈ ਕਿਸਾਨਾਂ ਲਈ ਅਸਹਿਣਯੋਗ ਹੈ। ਪਹਿਲਾਂ ਹੀ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਕਰਕੇ ਕਿਸਾਨ ਵੀਰ ਮੁਸ਼ਕਿਲਾਂ ਦੇ ਭੰਵਰ ਵਿੱਚ ਫਸੇ ਹੋਏ ਹਨ। ਉਹਨਾਂ ਨੂੰ ਖੇਤੀ ਦੇ ਕੰਮ ਵਿੱਚ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਹੁਣ ਇਹ ਰੋਜ਼ਾਨਾ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਉਹਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਰਣਜੋਧ ਸਿੰਘ ਹਡਾਣਾ ਸੂਬਾ ਸੰਯੁਕਤ ਸਕੱਤਰ (ਵਪਾਰ ਵਿੰਗ) ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਤੇ ਵੀ ਪੈ ਰਿਹਾ ਹੈ। ਮਹਿੰਗਾਈ ਨੇ ਵੀ ਅਸਮਾਨ ਛੂਹ ਲਿਆ ਹੈ। ਇਸ ਕਰਕੇ ਵਸਤੂਆਂ ਦੀ ਵਧਦੀਆਂ ਕੀਮਤਾਂ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਕੇਂਦਰ ਸਰਕਾਰ ਦੀ ਉਦਾਸੀਨਤਾ ਨੂੰ ਪੇਸ਼ ਕਰਦੀਆਂ ਵਿਖਾਈ ਦੇ ਰਹੀਆਂ ਹਨ। ਦਾਲਾਂ ਤੋਂ ਲੈ ਕੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। ਜਿਸ ਦਾ ਅਸਰ ਮੱਧਮ ਵਰਗ ਤੇ ਬਹੁਤ ਬੁਰਾ ਪੈ ਰਿਹਾ ਹੈ। ਕਰੋਨਾ ਮਹਾਮਾਰੀ ਕਰਕੇ ਕੰਮ ਧੰਦੇ ਬਿਲਕੁਲ ਠੱਪ ਹੋ ਗਏ ਹਨ। ਲੋਕਾਂ ਨੂੰ ਆਪਣੇ ਘਰਾਂ ਦਾ ਛੋਟੇ ਤੋਂ ਛੋਟਾ ਖਰਚ ਵੀ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਲੋਕ ਪਹਿਲਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਨਰਿੰਦਰ ਮੋਦੀ ਸਰਕਾਰ ਨੇ ਉਦੋਂ ਅਜਿਹੇ ਸਮੇਂ ਰੋਜ਼ਾਨਾ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦਾ ਲੱਕ ਤੋੜਨ ਦਾ ਕੰਮ ਕੀਤਾ ਹੈ, ਜਦੋਂ ਲੋਕ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਬੇਰੁਜ਼ਗਾਰ ਹੋ ਕੇ ਮੋਦੀ ਸਰਕਾਰ ਵੱਲ ਆਸ ਦੀ ਨਿਗਾਹ ਨਾਲ ਦੇਖਦੇ ਹੋਏ ਵਿੱਤੀ ਸਹਾਇਤਾ ਦੀ ਉਡੀਕ ਕਰ ਰਹੇ ਹਨ।ਜਿਲ੍ਹਾ ਪ੍ਰਧਾਨ ਵਪਾਰ ਵਿੰਗ ਸੰਜੀਵ ਗੁਪਤਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਆਮ ਵਸਤੂਆਂ ਦੀਆਂ ਹਰ ਦਿਨ ਵਧਦੀਆਂ ਕੀਮਤਾਂ ਕੇਂਦਰ ਸਰਕਾਰ ਦੀ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਉਦਾਸੀਨਤਾ ਨੂੰ ਪੇਸ਼ ਕਰਦੀਆਂ ਹਨ। ਉਨਾਂ ਕਿਹਾ ਕਿ ਜਿੱਥੇ ਮੱਧਮ ਵਰਗ ਕਾਰੋਬਾਰ ਬੰਦ ਹੋ ਜਾਣ ਕਾਰਨ ਆਪਣਾ ਪਰਿਵਾਰ ਪਾਲਣ ਲਈ ਸੰਘਰਸ਼ ਕਰ ਰਿਹਾ ਹੈ, ਉਥੇ ਹੀ ਕੇਂਦਰ ਸਰਕਾਰ ਉਨ੍ਹਾਂ ਦੀਆਂ ਜੇਬਾਂ ਤੇ ਡਾਕਾ ਮਾਰਕੇ ਆਪਣੇ ਵਪਾਰੀ ਮਿੱਤਰਾਂ ਦੀਆਂ ਤਿਜ਼ੋਰੀਆਂ ਭਰਨ ਦਾ ਕੰਮ ਕਰ ਰਹੀ ਹੈ।
ਇਸ ਸਮੇਂ ਜੋ ਕਰੋਨਾ ਕਹਿਰ ਦਾ ਸਮਾਂ ਚਲ ਰਿਹਾ ਹੈ, ਆਮ ਲੋਕ ਸਰਕਾਰਾਂ ਵੱਲ ਵੇਖ ਰਹੇ ਹਨ ਕਿ ਇਸ ਔਖੇ ਸਮੇਂ ਸਰਕਾਰਾਂ ਵਲੋਂ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇਗੀ, ਪਰ ਸਾਡੀਆਂ ਸਰਕਾਰਾਂ ਮਦਦ ਕਰਨ ਦੀ ਬਜਾਏ ਲੋਕਾਂ ਨੂੰ ਲੁੱਟ ਰਹੀਆਂ ਹਨ। ਇਸ ਔਖੇ ਸਮੇਂ ਵਿੱਚ ਮਦਦ ਕਰਨ ਦੀ ਥਾਂ ਕੇਂਦਰ ਸਰਕਾਰ ਨੂੰ ਲੋਕਾਂ ਦਾ ਗਲ ਘੁੱਟਣ ਤੋਂ ਬਚਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਉਹਨਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਹੁਣ ਲੋਕ ਸਮਝਦਾਰ ਅਤੇ ਸਿਆਣੇ ਹਨ, ਜੋ ਲੋਕਾਂ ਨਾਲ ਹੋ ਰਿਹਾ ਹੈ, ਜੋ ਲੁੱਟ ਮਚਾਈ ਜਾ ਰਹੀ ਹੈ, ਉਹ ਇਸ ਦਾ ਬਦਲਾ ਆਉਣ ਵਾਲੀਆਂ 2022 ਅਤੇ 2024 ਦੀਆਂ ਚੋਣਾਂ ਵਿੱਚ ਆਪਣੀ ਵੋਟ ਰਾਹੀਂ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਕੇ ਲੈਣਗੇ।