ਭਵਾਨੀਗੜ ਪੁਲਸ ਹੱਥ ਵੱਡੀ ਸਫਲਤਾ
ਨਸ਼ੀਲੀਆ ਗੋਲੀਆਂ ਤੇ ਨਜਾਇਜ ਸ਼ਰਾਬ ਬਰਾਮਦ .ਚਾਰ ਕਾਬੂ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਐਂਟੀ ਡਰੱਗ ਹਫ਼ਤੇ ਦੇ ਚੱਲਦਿਆਂ ਡੀ. ਐੱਸ. ਪੀ. ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਹੇਠ ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ ਨਜਾਇਜ਼ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ 6 ਜਣਿਆਂ ਖ਼ਿਲਾਫ਼ ਪਰਚਾ ਦਰਜ ਕੀਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਬੀਰਬਲ ਸਿੰਘ ਉਰਫ ਕਾਲਾ ਵਾਸੀ ਜੌਲੀਆਂ ਕੋਲੋਂ 440 ਅਤੇ ਵੱਖਰੇ ਮਾਮਲੇ 'ਚ ਸੋਨੂੰ ਉਰਫ ਕਾਲੂ ਵਾਸੀ ਜੌਲੀਆਂ ਦੇ ਕਬਜੇ 'ਚੋਂ 300 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸੇ ਤਰ੍ਹਾਂ ਪੁਲਸ ਨੇ ਰੁਲਦੂ ਖਾਨ ਵਾਸੀ ਸ਼ੇਰਵਾਨੀ ਕੋਟ (ਕੇਲੇ) ਥਾਣਾ ਸੰਦੋੜ ਅਤੇ ਜਸਵੀਰ ਸਿੰਘ ਵਾਸੀ ਰੁੜਕਾ ਪਾਸੋੰ 450 ਬੋਤਲਾਂ ਸ਼ਰਾਬ ਠੇਕਾ ਦੇਸੀ (ਹਰਿਆਣਾ ਮਾਰਕਾ) ਬਰਾਮਦ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ । ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਬਾਕੀ ਦੋ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਐੱਸ. ਆਈ. ਰਾਜਿੰਦਰ ਕੌਰ, ਐੱਸ. ਆਈ. ਕਿਰਪਾਲ ਸਿੰਘ, ਏ. ਐੱਸ. ਆਈ. ਰਣਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ, ਗੁਰਮੁਖ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।