ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਖਿਲਾਫ ਸੀਪੀਆਈ ਵਲੋਂ ਧਰਨਾ
ਭਵਾਨੀਗੜ੍ਹ, 5 ਜੁਲਾਈ (ਗੁਰਵਿੰਦਰ ਸਿੰਘ)- ਅੱਜ ਨਦਾਮਪੁਰ ਵਿਖੇ ਬਿਜਲੀ ਬੋਰਡ ਦੇ ਐਸਡੀਓ ਦਫਤਰ ਅੱਗੇ ਸੀਪੀਆਈ ਐਮ ਵੱਲੋਂ ਬਿਜਲੀ ਦੇ ਮਾੜੇ ਪ੍ਰਬੰਧਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ ਐਮ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੂਪ ਚੰਦ ਚੰਨੋ ਨੇ ਕਿਹਾ ਜਦੋਂ ਕੈਪਟਨ ਸਰਕਾਰ ਸੱਤਾ ਵਿਚ ਆਈ ਸੀ ਤਾਂ ਲੋਕਾਂ ਦੇ ਨਾਲ ਮੁਕੰਮਲ ਕਰਜਾ ਮੁਆਫੀ, ਨਸ਼ੇ ਦਾ ਖਾਤਮਾ ਕਰਨਾ, ਸ਼ਗਨ ਸਕੀਮਾਂ ਦੇਣਾ, ਮੋਬਾਇਲ, ਪੈਨਸ਼ਨਾਂ ਵਿੱਚ ਵਾਧਾ, ਘਰ-ਘਰ ਰੁਜਗਾਰ ਦੇਣਾ ਇਸਦੇ ਨਾਲ ਹੀ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਲੋਕ ਵਿਰੋਧੀ ਫੈਸਲਿਆਂ ਨੂੰ ਖਤਮ ਕਰਕੇ ਨਿਰਵਿਘਨ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੇਣਾ, ਬਾਕੀ ਵਾਅਦਿਆਂ ਦੀ ਤਰ੍ਹਾਂ ਸਰਕਾਰ ਬਿਜਲੀ ਦੇਣ ਦੇ ਮਾਮਲੇ ਵਿਚ ਵੀ ਫੇਲ੍ਹ ਹੋਈ ਹੈ, ਇਸ ਕਰਕੇ ਪਾਰਟੀ ਨੇ ਇੱਕ ਜੁਲਾਈ ਤੋਂ ਸੱਤ ਜੁਲਾਈ ਤੱਕ ਧਰਨੇ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਨਾ ਦਿੱਤੀ ਗਈ ਤਾਂ ਪਾਰਟੀ ਹੋਰ ਤਿੱਖਾ ਸੰਘਰਸ਼ ਕਰੇਗੀ। ਪੰਜਾਬ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਸਤਵਿੰਦਰ ਸਿੰਘ ਭੋਲਾ ਨੂਰਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ,  ਨੇ ਦੱਸਿਆ ਕਿ ਬਿਜਲੀ ਦੇ ਲੱਗ ਰਹੇ ਕੱਟਾਂ ਕਰਕੇ ਲੋਕ ਰਾਤਾਂ ਜਾਗ-ਜਾਗ ਕੱਟਦੇ ਹਨ। ਖੇਤੀ ਸਪਲਾਈ ਅੱਠ ਘੰਟੇ ਨਾ ਹੋਣ ਕਰਕੇ ਬਾਰਸ਼ਾਂ ਲੇਟ ਹੋਣ ਕਾਰਨ ਜੀਰੀ ਦੀ ਫਸਲ ਦਾ ਪਾਣੀ ਪੂਰਾ ਨਹੀਂ ਹੋ ਰਿਹਾ, ਜੇਕਰ ਇਸ ਤਰ੍ਹਾਂ ਰਿਹਾ ਤਾਂ ਲੋਕ ਫਸਲਾਂ ਵਾਹੁਣ ਵਾਸਤੇ ਮਜਬੂਰ ਹੋ ਜਾਣਗੇ। ਇਸ ਮੌਕੇ ਬਲਵੀਰ ਸਿੰਘ ਭਵਾਨੀਗੜ੍ਹ, ਗੁਰਮੇਲ ਸਿੰਘ, ਦਰਸ਼ਨ ਸਿੰਘ ਮਾਝੀ, ਕੇਸਰ ਸਿੰਘ ਫੰਮਣਵਾਲ, ਫਕੀਰ ਸਿੰਘ ਨੂਰਪੁਰਾ, ਜੋਰਾ ਸਿੰਘ ਨੂਰਪੁਰਾ, ਸਰਪੰਚ ਜਤਿੰਦਰ ਸਿੰਘ ਨੂਰਪੁਰਾ ਆਦਿ ਹਾਜ਼ਰ ਸਨ।