ਦੂਸ਼ਿਤ ਪਾਣੀ ਪੀਣ ਨਾਲ ਸਿਹਤ ਖਰਾਬ ਹੋਣ ਦਾ ਸਮਾਚਾਰ
ਪੀਣ ਵਾਲਾ ਪਾਣੀ ਹੋਇਆ ਦੂਸ਼ਿਤ.ਮੋਕੇ ਤੇ ਪੁੱਜੇ ਸਿਹਤ ਵਿਭਾਗ ਦੇ ਅਧਿਕਾਰੀ
ਭਵਾਨੀਗੜ੍ਹ, 24 ਜੁਲਾਈ (ਗੁਰਵਿੰਦਰ ਸਿੰਘ ) ਇੱਥੋਂ ਨੇੜਲੇ ਪਿੰਡ ਮੱਟਰਾਂ ਵਿਖੇ ਪਾਣੀ ਵਾਲੀ ਟੈਂਕੀ ਦੇ ਸਪਲਾਈ ਵਾਲੇ ਪਾਇਪ ਵਿੱਚੋਂ ਲੀਕੇਜ ਹੋਣ ਕਾਰਣ ਦੂਸ਼ਿਤ ਹੋਏ ਪਾਣੀ ਨੂੰ ਪੀਣ ਨਾਲ ਕਾਫੀ ਵਿਅਕਤੀਆਂ ਦੀ ਸਿਹਤ ਖਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਗਤਾਰ ਸਿੰਘ ਤੂਰ ਅਤੇ ਕਿਸਾਨ ਆਗੂ ਪ੍ਰਗਟ ਸਿੰਘ ਸਿੱਧੂ ਨੇ ਦੱਸਿਆ ਕਿ ਥੋੜੇ ਦਿਨਾਂ ਤੋਂ ਪਿੰਡ ਦੀ ਸਰਕਾਰੀ ਟੈਂਕੀ ਦੇ ਸਪਲਾਈ ਵਾਲੇ ਪਾਇਪ ਵਿੱਚੋਂ ਲੀਕੇਜ ਹੋਣ ਕਾਰਣ ਪਾਣੀ ਦੂਸ਼ਿਤ ਹੋ ਗਿਆ। ਇਸ ਦੂਸ਼ਿਤ ਹੋਏ ਪਾਣੀ ਨੂੰ ਪੀਣ ਨਾਲ ਪਿੰਡ ਦੇ ਕਾਫੀ ਵਿਅਕਤੀਆਂ ਅਤੇ ਬੱਚਿਆਂ ਨੂੰ ਟੱਟੀਆਂ ਉਲਟੀਆਂ ਲੱਗ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦਾ ਪਤਾ ਚੱਲਦਿਆਂ ਹੀ ਅੱਜ ਡਾ ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ ਨੇ ਪਿੰਡ ਦਾ ਦੌਰਾ ਕੀਤਾ ਅਤੇ ਡਾ ਮਹੇਸ ਆਹੂਜਾ ਐਸਐਮਓ ਸਰਕਾਰੀ ਸਿਵਲ ਹਸਪਤਾਲ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਸਿਹਤ ਕੇਂਦਰ ਨਦਾਮਪੁਰ ਦੀ ਟੀਮ ਵੱਲੋਂ ਪਿੰਡ ਵਿੱਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 40 ਮਰੀਜਾਂ ਦਾ ਚੈੱਕ ਅੱਪ ਕਰਕੇ ਦਵਾਈ ਦਿੱਤੀ ਗਈ।