ਅਧਿਆਪਕ ਦਿਵਸ ਤੇ ਵਿਸ਼ੇਸ
ਸੂਰਜ ਵਾਂਗ ਅਧਿਆਪਕ ਵੰਡਦਾ ਵਿਦਿਆਰਥੀਆਂ ਨੂੰ ਵਿੱਦਿਆ ਦਾ ਚਾਨਣ
ਸੰਗਰੂਰ 5 ਅਗਸਤ ( ਯਾਦਵਿੰਦਰ) ਇਕ ਚੰਗੇ ਅਤੇ ਸੱਚੇ ਅਧਿਆਪਕ ਦੀਆਂ ਕਦਰਾਂ-ਕੀਮਤਾਂ ਤੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕ ਇਕ ਚੰਗਾ ਦੋਸਤ, ਦਾਰਸ਼ਨਿਕ ਤੇ ਮਾਰਗ ਦਰਸ਼ਕ ਹੁੰਦਾ ਹੈ, ਜੋ ਹੱਥ ਫੜ ਕੇ ਸਾਨੂੰ ਮੰਜ਼ਿਲ ਤਕ ਪਹੁੰਚਾਉਣ ’ਚ ਸਾਡੀ ਸਹਾਇਤਾ ਕਰਦਾ ਹੈ। ਇਹ ਅਧਿਆਪਕ ਹੀ ਤਾਂ ਹੁੰਦੈ, ਜੋ ਹਨੇਰੇ ’ਚੋਂ ਕੱਢ ਕੇ ਸਾਨੂੰ ਚਾਨਣ ਵੱਲ ਲਿਜਾਂਦਾ ਹੈ। ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹਨ, ਜੋ ਬਿਨਾਂ ਖ਼ੁਦਗਰਜ਼ੀ ਇਸ ਸਮਾਜ ਨੂੰ ਤਰਾਸ਼ਦੇ ਹਨ। ਪਿਆਰ, ਸਤਿਕਾਰ, ਪ੍ਰਸ਼ੰਸਾ, ਕਦਰ ਤੇ ਸਨਮਾਨ ਦੇ ਸੰਕੇਤ ਵਜੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਸਮੁੱਚੇ ਦੇਸ਼ ਵਿਚ ‘ਅਧਿਆਪਕ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਹੀ ਮਾਰਗ ਦਰਸ਼ਨ ਲਈ ਧੰਨਵਾਦ ਕਰਦੇ ਹਨ।ਅਧਿਆਪਕ ਦੇਸ਼ ਦਾ ਭਵਿੱਖ ਬਣਾਉਂਦੇ ਹਨ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇਕਮਾਤਰ ਉਪਾਅ ਗਿਆਨ ਹੈ, ਜੋ ਸਾਨੂੰ ਅਧਿਆਪਕ ਤੋਂ ਪ੍ਰਾਪਤ ਹੁੰਦਾ ਹੈ।
ਗੁਰੂ - ਸ਼ਿਸ਼ ਪਰੰਪਰਾ ਦਾ ਪ੍ਰਤੀਕ ਅਧਿਆਪਕ ਦਿਵਸ---ਮਲਕੀਤ ਸਿੰਘ ਖੋਸਾ ਜ਼ਿਲ੍ਹਾ ਸਿੱਖਿਆ ਅਫ਼ਸਰ
ਜ਼ਿਲ੍ਹਾ ਸੰਗਰੂਰ ਦੇ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਨੇ ਕਿਹਾ ਕਿ ਗੁਰੂ- ਸ਼ਿਸ਼ ਬਨਾਮ ਅਧਿਆਪਕ- ਵਿਦਿਆਰਥੀ ਪਰੰਪਰਾ ਸਤਿਯੁਗ ਤੋਂ ਹੀ ਚੱਲੀ ਆ ਰਹੀ ਹੈ, ਜਿਸ ਅਨੁਸਾਰ ਗੁਰੂ ਰੂਪੀ ਅਧਿਆਪਕ ਨੂੰ ਇੱਕ ਉੱਚਾ ਸਥਾਨ ਦਿੱਤਾ ਗਿਆ ਹੈ ਜੋ ਆਪਣੇ ਸੱਚੇ-ਸੁੱਚੇ ਸਪਰਪਿਤ ਸ਼ਿਸ਼ ਬਨਾਮ ਵਿਦਿਆਰਥੀ ਨੂੰ ਆਪਣੀ ਸਾਰੀ ਅਰਜਿਤ ਵਿਦਿਆ ਪ੍ਰਦਾਨ ਕਰਕੇ‌ ਉਸ ਨੂੰ ਨਿਪੁੰਨ ਵਿਅਕਤੀ ਬਣਾਉਂਦਾ ਹੈ।

ਅਧਿਆਪਕ ਮੋਮਬੱਤੀ ਵਾਂਗ ਬਲ ਕੇ ਚਾਨਣ ਵੰਡਦਾ---ਸੁਰਿੰਦਰ ਸਿੰਘ ਭਰੂਰ ਸਟੇਟੀ ਅਵਾਰਡੀ

ਅਧਿਆਪਕ ਦਿਵਸ ਤੇ ਆਪਣੀ ਰਾਇ ਜਾਹਰ ਕਰਦਿਆਂ ਸਟੇਟ ਅਵਾਰਡੀ ਸੁਰਿੰਦਰ ਸਿੰਘ ਭਰੂਰ ਨੇ ਕਿਹਾ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਹੈ ਜੋ ਆਪ ਬਲ ਕੇ ਦੂਸਰਿਆਂ ਨੂੰ ਰੋਸ਼ਨੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਇੱਕ ਮਾਰਗ ਦਰਸ਼ਕ ਬਣ ਆਪਣੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਸਮਰਪਿਤ ਹੁੰਦਾ ਹੈ।

ਅਧਿਆਪਕ ਵੰਡਦਾ ਹੈ ਵਿਦਿਆ ਦਾ ਦਾਨ--- ਪ੍ਰਿੰਸੀਪਲ ਅੰਜਲੀ ਵਰਮਾ

ਐਗਜਲੀਅਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਮੈਡਮ ਅੰਜਲੀ ਵਰਮਾ ਨੇ ਕਿਹਾ ਕਿ ਅਧਿਆਪਕ ਦਿਵਸ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਕਿੱਤੇ ਪ੍ਰਤੀ ਈਮਾਨਦਾਰੀ ਤੇ ਸ਼ਰਧਾ ਭਾਵਨਾ ਨਾਲ ਕੰਮ ਕਰੀਏ। ਪ੍ਰਿੰਸੀਪਲ ਵਰਮਾ ਨੇ ਕਿਹਾ ਕਿ ਇੱਕ ਚੰਗਾ ਅਧਿਆਪਕ ਹਮੇਸ਼ਾ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਤੇ ਹੋਰ ਗਿਆਨ ਵੰਡਦਾ ਹੈ। ਅਧਿਆਪਕਾਂ ਦੀ ਸੋਚ ਆਪਣੇ ਵਿਦਿਆਰਥੀਆਂ ਨੂੰ ਸਹੀ ਮੰਜ਼ਿਲ ਤੇ ਪਹੁੰਚਣ ਦੀ ਹੁੰਦੀ ਹੈ।

ਸਿਖਿਆ ਦੇ ਨਾਲ਼ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਜ਼ਰੂਰੀ-- ਅਧਿਆਪਕਾ ਅਮਨਦੀਪ ਕੌਰ

ਸ ਸ ਸ ਸ ਭੁਲਰਹੇੜੀ ਤੈਨਾਤ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਖਿਆ ਦੇ ਨਾਲ਼ ਨਾਲ਼ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣੀ ਵੀ ਜ਼ਰੂਰੀ ਹੈ। ਅਧਿਆਪਕ ਬੱਚਿਆਂ ਨੂੰ ਸਿਰਫ਼ ਅੱਖਰ ਗਿਆਨ ਨਹੀਂ ਕਰਵਾਉਂਦੇ ਸਗੋਂ ਉਹ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੂਲਾ ਦਾ ਗਿਆਨ ਵੀ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਫਰਜ਼ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਜ਼ਿੰਦਗੀ ਤੇ ਵਿਅਕਤੀਤੱਵ ਨੂੰ ਉੱਚਾ ਚੁੱਕਣ ਦੀ ਪ੍ਰੇਰਨਾ ਦੇਣਾ ਵੀ ਹੈ।

ਗੁਰੂ ਦਾ ਦਰਜਾ ਕਿਤਾਬਾਂ ਤੱਕ ਨਾ ਸੀਮਤ ਰਹੇ--- ਅਧਿਆਪਕ ਆਗੂ ਬਲਵੀਰ ਚੰਦ ਲੌਂਗੋਵਾਲ

ਅਧਿਆਪਕ ਜੱਥੇਬੰਦੀਆਂ ਡੀ ਟੀ ਐਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਭਾਵੇਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਜਾਪਦੈ ਇਹ ਹੁਣ ਕਿਤਾਬਾਂ ਤੀਕ ਹੀ ਸੀਮਤ ਰਹਿ ਗਿਆ। ਉਨ੍ਹਾਂ ਕਿਹਾ ਹਰ ਸਰਕਾਰ ਹੱਕ ਮੰਗਦੇ ਗੁਰੂ ਰੂਪੀ ਅਧਿਆਪਕਾਂ ਨੂੰ ਡਾਂਗਾਂ ਤੱਕ ਮਾਰਨ ਜਾਂਦੀ ਹੈ। ਬੇਰੁਜ਼ਗਾਰ ਅਧਿਆਪਕ ਸੜਕਾਂ ਤੇ ਰੁਲ ਰਹੇ ਹਨ ਤੇ ਸਰਕਾਰਾਂ ਇਨ੍ਹਾਂ ਨੂੰ ਵੀ ਲਾਠੀਚਾਰਜ ਨਾਲ ਨਿਵਾਜਦੀ ਹੈ।

ਅਧਿਆਪਕ ਦਾ ਦਰਜਾ ਸਭ ਤੋਂ ਉੱਚਾ-- ਐਡਵੋਕੇਟ ਨਰੇਸ਼ ਜੁਨੇਜਾ

ਅਰੋੜਾ ਵੈਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ ਨੇ ਅਧਿਆਪਕ ਰੂਪੀ ਗੁਰੂ ਦਾ ਦਰਜਾ ਸਭ ਤੋਂ ਉੱਚਾ ਦਸਦਿਆਂ ਕਿਹਾ ਕਿ ਅਧਿਆਪਕ ਦਾ ਦਰਜਾ ਮਾਤਾ ਪਿਤਾ ਤੋਂ ਵੀ ਉੱਪਰ ਹੁੰਦਾ ਹੈ ਕਿਉਂਕਿ ਅਧਿਆਪਕ ਹੀ ਬੱਚਿਆਂ ਦਾ ਭਵਿੱਖ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜੀਕਰਨ ਪ੍ਰਕਿਰੀਆ ਦੀ ਨੀਂਹ ਹੁੰਦੇ ਹਨ।

ਅਧਿਆਪਕ ਚਮਕਦੇ ਸੂਰਜ ਦੀ ਤਰ੍ਹਾਂ ਹੁੰਦਾ--- ਸਕਤੀਜੀਤ ਸਿੰਘ

ਸਮਾਜ ਸੇਵੀ ਤੇ ਯੂਥ ਕਾਂਗਰਸੀ ਆਗੂ ਸਕਤੀਜੀਤ ਸਿੰਘ ਨੇ ਕਿਹਾ ਕਿ ਸੱਭਿਅਕ ਸਮਾਜ ਵਿਚ ਅਧਿਆਪਕ ਚਮਕਦੇ ਸੂਰਜ ਦੀ ਤਰ੍ਹਾਂ ਹੁੰਦਾ ਹੈ ਕਿਉਂਕਿ ਅਧਿਆਪਕ ਨੇ ਵਿਦਿਆ ਦਾ ਚਾਨਣ ਵੰਡ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਦਿੱਤੇ ਗਿਆਨ ਦੀ ਬਦੌਲਤ ਵਿਦਿਆਰਥੀ ਵੱਡੇ ਵੱਡੇ ਅਫਸਰ ਬੰਨਦੇ ਹਨ।



Indo Canadian Post Indo Canadian Post