27 ਦੇ ਭਾਰਤ ਬੰਦ ਨੂੰ ਲੋਕ ਇਨਸਾਫ ਪਾਰਟੀ ਦਾ ਸਮਰਥਨ
ਦੇਸ਼ ਦੇ ਅੰਨਦਾਤਾ ਨੂੰ ਲਿਪ ਵਲੋ ਪੂਰਨ ਸਮਰਥਨ: ਬੈਸ.ਮਾਨ
ਭਵਾਨੀਗੜ੍ (ਗੁਰਵਿੰਦਰ ਸਿੰਘ) ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਇੱਕ ਸਾਲ ਤੋਂ ਸੰਘਰਸ਼ ਵਿੱਚ ਡਟੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਤੇ ਇਸ ਬੰਦ ਨੂੰ ਸਫਲ ਬਣਾਉਣ ਲਈ ਅੱਜ ਲੋਕ ਇਨਸਾਫ ਪਾਰਟੀ ਵੱਲੋਂ ਪੂਰਨ ਸਮਰਥਨ ਦਾ ਐਲਾਨ ਕੀਤਾ ਗਿਆ। ਜਿਸ ਦੀ ਜਾਣਕਾਰੀ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਵੱਲੋਂ ਜਾਰੀ ਇਕ ਪ੍ਰੈਸ ਨੋਟ ਰਾਹੀਂ ਦਿੱਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਕਿ ਜ਼ਿਆਦਾਤਰ ਸੂਬਿਆਂ ਦੇ ਲੋਕ ਖੇਤੀ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਹਨ ਅਤੇ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਨੂੰਨ ਕਿਸਾਨੀ ਦਾ ਗਲਾ ਘੁੱਟਣ ਵਾਲੇ ਅਤੇ ਚੰਦ ਕੁ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇਣ ਵਾਲੇ ਹਨ। ਜਿਸ ਨਾਲ ਕੇ ਭਾਰਤ ਦਾ ਨਾ ਸਿਰਫ਼ ਕਿਸਾਨ ਬਲਕਿ ਹਰ ਇੱਕ ਨਾਗਰਿਕ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਹਾਲਤ ਵਿੱਚ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨਿਆਂ ਨੂੰ ਕਾਮਯਾਬ ਬਣਾਉਣਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਹਰ ਇੱਕ ਕਾਲ ਦਾ ਸਮਰਥਨ ਕਰਨਾ ਦੇਸ਼ ਦੇ ਹਰ ਨਾਗਰਿਕ ਦਾ ਪਹਿਲਾ ਫਰਜ਼ ਹੈ।ਇਸ ਮੌਕੇ ਤਲਵਿੰਦਰ ਮਾਨ ਵੱਲੋਂ ਪ੍ਰੈਸ ਨੋਟ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਹੀ ਸਭ ਤੋਂ ਪਹਿਲਾਂ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਮੋਰਚਾ ਵਿੱਢਿਆ ਗਿਆ ਸੀ। ਜਿਸ ਦੇ ਤਹਿਤ 22 ਜੂਨ 2020 ਤੋਂ ਲੈਕੇ 26 ਜੂਨ 2020 ਤੱਕ ਇੱਕ ਸਾਈਕਲ ਰੈਲੀ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ ਤੱਕ ਕੱਢੀ ਗਈ ਸੀ ਜਿਸ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕਰਨਾ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਲੈ ਕੇ ਆਉਣਾ ਸੀ ਅਤੇ ਲੋਕ ਇਨਸਾਫ ਪਾਰਟੀ ਨੂੰ ਆਪਣੇ ਮਕਸਦ ਵਿੱਚ 100 ਫ਼ੀਸਦੀ ਕਾਮਯਾਬੀ ਵੀ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਹੀ ਸਭ ਤੋਂ ਪਹਿਲਾਂ ਇਨ੍ਹਾਂ ਮਾਰੂ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਦੇਸ਼ ਦੇ ਸੰਸਦ ਭਵਨ ਦਾ ਘਿਰਾਓ ਦਾ ਐਲਾਨ ਵੀ ਕੀਤਾ ਗਿਆ ਅਤੇ ਪਿਛਲੇ ਸਾਲ 23 ਸਤੰਬਰ ਨੂੰ ਪਾਰਟੀ ਪ੍ਰਧਾਨ ਸ.ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਸੰਸਦ ਭਵਨ ਘੇਰਨ ਲਈ ਨਿਕਲੇ ਵੱਡੇ ਕਾਫਲੇ ਉੱਪਰ ਹਰਿਆਣਾ ਪੁਲਸ ਵੱਲੋਂ ਸ਼ੰਭੂ ਬੈਰੀਅਰ ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ ਜਿਸ ਦੌਰਾਨ ਵੱਡੀ ਗਿਣਤੀ ਚ' ਪਾਰਟੀ ਵਰਕਰ ਜ਼ਖ਼ਮੀ ਵੀ ਹੋਏ ਸਨ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸ.ਸਿਮਰਜੀਤ ਸਿੰਘ ਬੈਂਸ ਅਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਹਿਲਾਂ ਵੀ ਦਿੱਲੀ ਦੇ ਬਾਰਡਰਾਂ ਤੇ ਲੱਗੇ ਕਿਸਾਨੀ ਧਰਨਿਆਂ ਵਿੱਚ ਸ਼ਮੂਲੀਅਤ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਵੱਲੋਂ ਕਿਸਾਨਾਂ ਦਾ ਡਟਕੇ ਸਾਥ ਦਿੱਤਾ ਜਾਵੇਗਾ।

Indo Canadian Post Indo Canadian Post