ਭਵਾਨੀਗੜ ਵਿਖੇ ਨਵ ਨਿਯੁਕਤ ਡੀਐੱਸਪੀ ਗੁਰਿੰਦਰ ਸਿੰਘ ਬੱਲ ਦੀ ਪਲੇਠੀ ਪ੍ਰੈਸ ਵਾਰਤਾ
ਸਮਾਜ ਵਿਰੋਧੀ ਅਨਸਰਾ ਨੂੰ ਤਾੜਨਾ.ਪੱਤਰਕਾਰਾ ਨਾਲ ਵੱਖ ਵੱਖ ਸਮੱਸਿਆਵਾਂ ਤੇ ਚਰਚਾ
ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਸਬ ਡਵੀਜ਼ਨ ਭਵਾਨੀਗੜ੍ਹ ਦੇ ਨਵ-ਨਿਯੁਕਤ ਡੀਐੱਸਪੀ ਗੁਰਿੰਦਰ ਸਿੰਘ ਬੱਲ ਨੇ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਕੀਤੀ ਇਸ ਦੌਰਾਨ ਪੁਲਿਸ ਤੇ ਪ੍ਰਰੈੱਸ ਵੱਲੋਂ ਸ਼ਹਿਰ ਤੇ ਇਲਾਕੇ ਦੀਆਂ ਸਮੱਸਿਆਵਾਂ ਸਮੇਤ ਹੋਰ ਕਈ ਅਹਿਮ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਡੀਐੱਸਪੀ ਬੱਲ ਨੇ ਕਿਹਾ ਕਿ ਪੁਲਿਸ ਤੇ ਪ੍ਰਰੈੱਸ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਜਿਸਨੂੰ ਹਰ ਹਾਲ 'ਚ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਇਲਾਕੇ ਅੰਦਰ ਨਸ਼ਿਆਂ ਦੇ ਗੋਰਖਧੰਦੇ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਖ਼ਿਲਾਫ਼ ਪੁਲਿਸ ਵੱਲੋਂ ਜਲਦੀ ਹੀ ਵਿਸ਼ੇਸ਼ ਮਹਿੰਮ ਚਲਾਈ ਜਾਵੇਗੀ। ਬੱਲ ਨੇ ਕਿਹਾ ਕਿ ਗੁਆਂਢੀ ਸੂਬਿਆਂ ਹਰਿਆਣਾ ਤੇ ਚੰਡੀਗੜ੍ਹ ਤੋਂ ਸ਼ਰਾਬ ਦੀ ਹੋਣ ਵਾਲੀ ਸਮੱਗਿਲੰਗ ਨੂੰ ਸਖਤੀ ਨਾਲ ਰੋਕਣ ਲਈ ਪੁਲਿਸ ਵੱਲੋਂ ਵਿਸ਼ੇਸ਼ ਨਾਕੇਬੰਦੀ ਕਰਕੇ ਸ਼ਰਾਬ ਸਮੱਗਲਰਾਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਜਾਣਕਾਰੀ 'ਚ ਕੋਈ ਵਿਅਕਤੀ ਕਿਸੇ ਪ੍ਰਕਾਰ ਦਾ ਵੀ ਨਸ਼ਾ ਵੇਚਣ ਜਾਂ ਵਿਕਾਉਣ ਆਦਿ ਦਾ ਕਾਰੋਬਾਰ ਕਰਦਾ ਹੈ ਤਾਂ ਉਹ ਉਸ ਦੀ ਜਾਣਕਾਰੀ ਪੁਲਿਸ ਨੂੰ ਦੇਣ ਅਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਦੁਰਘਟਨਾਵਾਂ ਦੀ ਰੋਕਥਾਮ ਤੇ ਟ੍ਰੈਫਿਕ ਦੀ ਗੰਭੀਰ ਬਣੀ ਸਮੱਸਿਆ ਸਬੰਧੀ ਲੋਕਾਂ ਦੇ ਸੁਝਾਅ ਲੈ ਕੇ ਠੋਸ ਹੱਲ ਕੀਤੇ ਜਾਣਗੇ। ਇਸ ਤੋਂ ਇਲਾਵਾ ਹੁੱਲੜਬਾਜ਼ੀ ਜਾਂ ਬੁਲਟ ਮੋਟਰਸਾਇਕਲ ਦੇ ਪਟਾਕੇ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤੇ ਇਸ ਤੋਂ ਇਲਾਵਾ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇਗੀ।