ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਨਾਲ ਮੀਟਿੰਗ ਦੀ ਚਰਚਾ ਨੇ ਕੇਦਰੀ ਸਿਆਸਤ ਭਖਾਈ
ਖੇਤੀ ਬਿਲਾਂ ਤੇ ਕਿਸਾਨੀ ਮਸਲਿਆਂ ਨੂੰ ਲੈਕੇ ਹੀ ਕੀਤੀ ਗੱਲਬਾਤ :ਕੈਪਟਨ ਅਮਰਿੰਦਰ ਸਿੰਘ
ਨਵੀਂ ਦਿੱਲੀ (ਮਾਲਵਾ ਬਿਯੂਰੋ) ਪੰਜਾਬ ਵਿੱਚ ਜਾਰੀ ਸਿਆਸੀ ਸੰਘਰਸ਼ ਵਿਚਾਲੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਬੁੱਧਵਾਰ ਸ਼ਾਮ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ। ਦੋਨਾਂ ਨੇਤਾਵਾਂ ਵਿਚਾਲੇ ਕਰੀਬ 45 ਮਿੰਟ ਬੈਠਕ ਚੱਲੀ। ਹਾਲਾਂਕਿ ਕੱਲ ਹੀ ਕੈਪਟਨ ਨੇ ਕਿਹਾ ਸੀ ਕਿ ਉਹ ਕਿਸੇ ਰਾਜਨੇਤਾ ਨੂੰ ਨਹੀਂ ਮਿਲਣਗੇ।ਸੂਤਰਾਂ ਦੇ ਅਨੁਸਾਰ, ਕੈਪਟਨ ਅਮਰਿੰਦਰ ਸਿੰਘ ਅਤੇ ਅਮਿਤ ਸ਼ਾਹ ਵਿਚਾਲੇ ਕਿਸਾਨਾਂ ਦੇ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ 'ਤੇ ਕਈ ਗੱਲਾਂ ਸਾਫ਼ ਹੋਈਆਂ ਹਨ, ਜਿਸ ਦਾ ਬਲੂ ਪ੍ਰਿੰਟ ਤਿਆਰ ਕਰਨ ਨੂੰ ਲੈ ਕੇ ਸਹਿਮਤੀ ਬਣੀ ਹੈ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀ ਝੋਨੇ ਦੀ ਫਸਲ ਨੂੰ ਲੈ ਕੇ ਅਮਿਤ ਸ਼ਾਹ ਨੂੰ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੀ ਬੇਨਤੀ ਕੀਤੀ ਹੈ। ਸਾਬਕਾ ਸੀ.ਐੱਮ. ਨੇ ਜਲਦ ਹੀ ਸੀ.ਸੀ. ਲਿਮਿਟ ਪੰਜਾਬ ਲਈ ਰਿਲੀਜ਼ ਕਰਨ ਦੀ ਗੱਲ ਕਹੀ ਹੈ ਜਿਸ ਨਾਲ ਕਿਸਾਨਾਂ ਨੂੰ ਪੇਮੈਂਟ ਲਈ ਕੋਈ ਮੁਸ਼ਕਿਲ ਨਾ ਆਏ ਅਤੇ ਫਸਲ ਮੰਡੀਆਂ ਤੋਂ ਆਸਾਨੀ ਨਾਲ ਚੁੱਕੀ ਜਾਵੇ।
ਸੂਤਰਾਂ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਜਲਦੀ ਹੀ ਦੂਜੀ ਬੈਠਕ ਹੋਵੇਗੀ ਅਤੇ ਇਸ ਨਾਲ ਫਾਈਨਲ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਵਿੱਚ ਹੋਵੇਗੀ।