ਕੈਨੇਡਾ ਸਰਕਾਰ ਨੇ ਖੋਲ੍ਹੇ ਪੰਜਾਬੀਆਂ ਲਈ ਰਾਹ; 15 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ!
ਮਾਲਵਾ ਬਿਊਰੋ (ਦਿੱਲੀ) ਇਸ ਮਹੀਨੇ ਟੋਰਾਂਟੋ ਲਈ ਉਡਾਣ ਭਰਨ ਦੀ ਯੋਜਨਾ ਬਣਾ ਰਹੇ ਮੁਸਾਫਰਾਂ ਲਈ ਖ਼ੁਸ਼ਖ਼ਬਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ‘ਏਅਰ ਕੈਨੇਡਾ’ ਨੇ 15 ਅਕਤੂਬਰ ਤੋਂ ਟੋਰਾਂਟੋ-ਦਿੱਲੀ ਵਿਚਕਾਰ ਫਲਾਈਟ ਸੇਵਾਵਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਦਿੱਲੀ-ਟੋਰਾਂਟੋ ਵਿਚਕਾਰ ਫਲਾਈਟ ਲੈਣ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਕੈਨੇਡਾ ਟਰਾਂਸਪੋਰਟੇਸ਼ਨ ਏਜੰਸੀ ਨੇ 15 ਅਕਤੂਬਰ 2021 ਤੋਂ 26 ਮਾਰਚ 2022 ਤੱਕ ਟੋਰਾਂਟੋ ਤੇ ਦਿੱਲੀ ਵਿਚਕਾਰ ਤਿੰਨ ਹੋਰ ਹਫਤਾਵਾਰੀ ਫਲਾਈਟਾਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। 26 ਸਤੰਬਰ, 2021 ਨੂੰ ਕੈਨੇਡਾ ਤੋਂ ਭਾਰਤ ਲਈ ਆਪਣੀ ਰੋਜ਼ਾਨਾ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਤੋਂ ਬਾਅਦ ਅੱਜ ‘ਏਅਰ ਕੈਨੇਡਾ’ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਏਅਰ ਲਾਈਨ ਮਾਂਟਰੀਅਲ ਤੋਂ ਦਿੱਲੀ ਲਈ ਨਵੀਂ ਨਾਨ-ਸਟਾਪ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਪਿਛਲੇ ਮਹੀਨੇ, ਕੈਨੇਡਾ ਨੇ ਭਾਰਤ ਤੋਂ ਸਿੱਧੀ ਯਾਤਰੀ ਉਡਾਣਾਂ ‘ਤੇ ਇੱਕ ਮਹੀਨੇ ਦੀ ਪਾਬੰਦੀ ਹਟਾ ਦਿੱਤੀ ਸੀ, ਜੋ ਕਿ ਕੋਰੋਨਾ ਮਹਾਮਾਰੀ ਕਾਰਨ ਲਗਾਈ ਗਈ ਸੀ।
27 ਸਤੰਬਰ ਤੋਂ ਸਾਰੀਆਂ ਉਡਾਣਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ। ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਟਰਾਂਸਪੋਰਟ ਕੈਨੇਡਾ ਵੱਲੋਂ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੋਵਿਡ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਹੋਵੇਗੀ।
ਇਸ ਸਮੇਂ ਏਅਰ ਕੈਨੇਡਾ ਟੋਰਾਂਟੋ-ਦਿੱਲੀ ਰੂਟ ‘ਤੇ AC42 ਅਤੇ AC43 ਫਲਾਈਟਸ ਚਲਾ ਰਹੀ ਹੈ। ਕੈਨੇਡਾ ਦੀਆਂ ਯਾਤਰਾ ਹਿਦਾਇਤਾਂ ਅਨੁਸਾਰ, ਕੋਵਿਡ ਖਿਲਾਫ ਪੂਰੀ ਤਰ੍ਹਾਂ ਟੀਕਾਕਰਨ ਕਰਾ ਚੁੱਕੇ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੈ। ਯਾਤਰਾ ਤੋਂ ਪਹਿਲਾਂ ਨੈਗੇਟਿਵ ਰਿਪੋਰਟ ਦਿਖਾਉਣਾ ਵੀ ਲਾਜ਼ਮੀ ਹੈ। ਮੌਜੂਦਾ ਸਮੇਂ, ਸਿਰਫ ਏਅਰ ਬੱਬਲ ਕਰਾਰ ਤਹਿਤ ਹੀ ਉਡਾਣਾਂ ਹਨ।