ਮੰਗਾਂ ਨੂੰ ਲੈ ਕੇ ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪੀਪੀਪੀ ਮੋਡ ਅਧੀਨ ਚੱਲ ਰਹੇ ਆਦਰਸ਼ ਸਕੂਲਾਂ ਦੇ ਨੁਮਾਇੰਦਿਆਂ ਦਾ ਵਫ਼ਦ ਅੱਜ ਆਦਰਸ਼ ਸਕੂਲਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਪਰਗਟ ਸਿੰਘ ਨੂੰ ਮਿਲਿਆ । ਆਦਰਸ਼ ਸਕੂਲ ਵਿੱਚ ਮੈਨੇਜਮੈਂਟਾਂ ਵੱਲੋਂ ਵੱਡੇ ਪੱਧਰ ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਪੱਛੜੇ ਖੇਤਰਾਂ ਵਿੱਚ ਸਿੱਖਿਆ ਦੇ ਕੀਤੇ ਜਾ ਰਹੇ ਘਾਣ ਬਾਰੇ ਸਿੱਖਿਆ ਮੰਤਰੀ ਨੂੰ ਜਾਣੂ ਕਰਵਾਇਆ ਗਿਆ । ਪਿਛਲੇ ਸਮਿਆਂ ਦੌਰਾਨ ਮੈਨੇਜਮੈਂਟਾਂ ਵੱਲੋਂ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਖ਼ਿਲਾਫ਼ ਆਵਾਜ਼ ਉਠਾ ਰਹੇ ਅਧਿਅਾਪਕਾਂ ਨੁਮਾਇੰਦਿਆਂ ਦੀਆਂ ਬਰਖਾਸਤੀਆਂ ਨੂੰ ਰੱਦ ਕਰਕੇ ਮੁੜ ਬਹਾਲੀ ਦਾ ਭਰੋਸਾ ਵੀ ਸਿੱਖਿਆ ਮੰਤਰੀ ਵੱਲੋਂ ਦਿੱਤਾ ਗਿਆ । ਫੌਰੀ ਤੌਰ ਤੇ ਹੱਲ ਕੀਤੀਆਂ ਜਾਣ ਵਾਲੀਆਂ ਮੰਗਾਂ ਵਿੱਚ ਅਧਿਆਪਕਾਂ ਦੀ ਮੁੜ ਬਹਾਲੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਡੀਜੀਐਸਈ ਸਾਹਿਬ ਨੂੰ ਨਿਰਦੇਸ਼ ਜਾਰੀ ਕੀਤੇ ਗਏ ਇਸ ਤੋਂ ਇਲਾਵਾ ਸਕੂਲਾਂ ਦੇ ਅਧਿਅਾਪਕਾਂ ਦੀਅਾਂ ਤਨਖ਼ਾਹਾਂ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤਜਰਬੇ ਨੂੰ ਮਾਨਤਾ ਦੇਣ ਸੰਬੰਧੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸਿੱਖਿਆ ਮੰਤਰੀ ਦੁਆਰਾ ਤਕਨੀਕੀ ਅਤੇ ਵਿਭਾਗੀ ਤੱਥਾਂ ਨੂੰ ਘੋਖਣ ਲਈ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦੀ ਗੱਲ ਵੀ ਆਖੀ ਗਈ । ਇਸ ਮੌਕੇ ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਵਿਨੀਤ ਕੁਮਾਰ, ਨਛੱਤਰ ਸਿੰਘ, ਪਰਦੀਪ ਸਿੰਘ, ਪ੍ਰਿੰਸੀਪਲ ਵੇਦ ਵ੍ਰਤ ਪਲਾਹ, ਸਤਨਾਮ ਸਿੰਘ, ਅਮਨ ਸ਼ਰਮਾ ਆਦਿ ਅਧਿਆਪਕ ਮੌਜੂਦ ਸਨ ।