ਟੈਂਕੀ ‘ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਨੇ ਆਪਣੇ ਆਪ ਨੂੰ ਲਗਾਈ ਅੱਗ
ਮੋਹਾਲੀ ਮਾਲਵਾ ਬਿਊਰੋ:
ਰੁਜ਼ਾਗਰ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਨੇ ਅੱਜ ਸ਼ਾਮ ਸਮੇਂ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।
ਪਿਛਲੇ ਲੰਮੇ ਸਮੇਂ ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਸਿੰਘ ਸ਼ਹੀਦਾਂ ਗੁਰਦੁਆਰਾ ਦੇ ਨੇੜੇ ਪਾਣੀ ਵਾਲੀ ਟੈਂਕੀ ਉਤੇ ਚੜ੍ਹੇ ਹੋਏ ਹਨ।
ਅੱਜ ਸਵੇਰੇ 11 ਵਜੇ ਤੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਚੌਕ ਵਿੱਚ ਜਾਮ ਲਗਾਇਆ ਗਿਆ। ਜੋ ਸ਼ਾਮ ਕਰੀਬ ਸਾਢੇ ਛੇ ਵਜੇ ਤੱਕ ਲਗਾਤਾਰੀ ਜਾਰੀ ਰਿਹਾ।
ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਸ਼ਾਮ ਸਮੇਂ ਜਦੋਂ ਪੁਲਿਸ ਵੱਲੋਂ ਜਾਮ ਖੁੱਲ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਪਰ ਟੈਂਕੀ ਉਤੇ ਚੜ੍ਹੇ ਬੇਰੁਜ਼ਗਾਰ ਇਕ ਅਧਿਆਪਕ ਨੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਉਸਦੇ ਦੂਜੇ ਸਾਥੀਆਂ ਨੇ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚਾਅ ਲਿਆ।
ਇਸ ਮੌਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਤਾਂ ਇਸ ਤੋਂ ਨਿਕਲਣ ਵਾਲੇ ਭਿਆਨਕ ਸਿੱਟਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਦੂਜੇ ਪਾਸੇ ਯੂਨੀਅਨ ਦੀ ਸਿੱਖਿਆ ਸਕੱਤਰ ਅਜੌਏ ਕੁਮਾਰ ਨਾਲ ਮੀਟਿੰਗ ਹੋਈ ਜੋ ਅਸਫਲ ਰਹੀ। ਇਸ ਤੋਂ ਬਾਅਦ ਅਧਿਆਪਕਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਦੇਰ ਸ਼ਾਮ ਨੂੰ ਜਾਮ ਖੋਲ੍ਹ ਦਿੱਤਾ ਗਿਆ।