ਸੰਗਰੂਰ ਹਲਕੇ ਵਿੱਚ ਲੋਕ ਇਨਸਾਫ ਪਾਰਟੀ ਦੀ ਹੋਈ ਭਰਵੀਂ ਮੀਟਿੰਗ
ਸੰਗਰੂਰ (ਗੁਰਵਿੰਦਰ ਸਿੰਘ ) ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸੰਗਰੂਰ ਦੇ ਅਧੀਨ ਆਉਂਦੇ ਸੰਗਰੂਰ ਸ਼ਹਿਰ ਵਿਖੇ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਹ ਮੀਟਿੰਗ ਉਸ ਸਮੇਂ ਇੱਕ ਵੱਡੇ ਇਕੱਠ ਦਾ ਰੂਪ ਧਾਰਨ ਕਰ ਗਈ ਜਦੋਂ ਭਾਰੀ ਬਾਰਸ਼ ਦੇ ਬਾਵਜੂਦ ਵੀ ਸ਼ਹਿਰ ਦੇ ਦੁਕਾਨਦਾਰ ਵਰਗ ਨਾਲ ਸਬੰਧਤ ਲੋਕ ਤਲਵਿੰਦਰ ਮਾਨ ਨੂੰ ਵਿਸ਼ੇਸ ਤੌਰ ਤੇ ਮਿਲਣ ਲਈ ਪੁੱਜੇ ਅਤੇ ਉਨ੍ਹਾਂ ਵੱਲੋਂ ਤਲਵਿੰਦਰ ਮਾਨ ਦਾ ਫੁੱਲਾਂ ਦੇ ਹਾਰਾਂ ਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਜਿੱਥੇ ਇਸ ਮੌਕੇ ਸ਼ਹਿਰ ਦੇ ਵਪਾਰ ਮੰਡਲ ਨਾਲ ਸਬੰਧਤ ਲੋਕਾਂ ਨੇ ਤਲਵਿੰਦਰ ਮਾਨ ਅੱਗੇ ਵਪਾਰੀਆਂ ਨੂੰ ਪੇਸ਼ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਨੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਦੀ ਡਟ ਕੇ ਮਦਦ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਪਿਆਰ-ਸਤਿਕਾਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਅਤੇ ਉਨ੍ਹਾਂ ਹਲਕੇ ਦੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕੇ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਛੋਟੀਆਂ-ਵੱਡੀਆਂ ਹਰ ਤਰ੍ਹਾਂ ਦੀਆਂ ਸਮਾਜਿਕ ਅਤੇ ਨਿੱਜੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸੰਗਰੂਰ ਦੇ ਬਲਾਕ ਪ੍ਰਧਾਨ ਨਾਰਾਇਣ ਵਰਮਾ, ਬਲਾਕ ਪ੍ਰਧਾਨ (ਵਪਾਰ ਵਿੰਗ) ਮਨੋਜ ਬੇਦੀ, ਬਲਾਕ ਪ੍ਰਧਾਨ (ਯੂਥ ਵਿੰਗ) ਵਿੱਕੀ ਵਿਨਾਇਕ, ਸਟੂਡੈਂਟ ਇਨਸਾਫ਼ ਮੋਰਚਾ ਦੇ ਬਲਾਕ ਪ੍ਰਧਾਨ ਦੀਪਕ ਵਰਮਾ ਸਮੇਤ ਸੰਗਰੂਰ ਬਲਾਕ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।