ਭਵਾਨੀਗੜ੍ਹ ਦੌਰੇ ਦੌਰਾਨ ਕਮਿਸ਼ਨ ਮੈਂਬਰ ਮੋਹੀ ਵੱਲੋਂ 5 ਸ਼ਿਕਾਇਤਾਂ ਦਾ ਮੌਕੇ ਉੱਤੇ ਹੀ ਨਿਪਟਾਰਾ
ਭਵਾਨੀਗੜ (ਗੁਰਵਿੰਦਰ ਸਿੰਘ ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋ ਅੱਜ ਐਸ.ਡੀ.ਐਮ ਦਫ਼ਤਰ ਭਵਾਨੀਗੜ੍ਹ ਵਿਖੇ ਪਹੁੰਚ ਕੇ ਐਸ.ਸੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਕਮਿਸ਼ਨ ਕੋਲ ਪੁੱਜੀਆਂ 6 ਵੱਖ ਵੱਖ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਕਮਿਸ਼ਨ ਮੈਂਬਰ ਨੇ ਕਿਹਾ ਕਿ ਉਹ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਜਾ ਕੇ ਐਸ.ਸੀ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਢੁਕਵਾਂ ਹੱਲ ਕਰਨ ਲਈ ਯਤਨ ਕਰ ਰਹੇ ਹਨ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਨਾਲ ਨਾਲ ਪਟਿਆਲਾ, ਬਰਨਾਲਾ, ਮਲੇਰਕੋਟਲਾ ਆਦਿਕ ਜ਼ਿਲਿਆਂ ਵਿੱਚ ਵੀ ਦੌਰੇ ਕਰਕੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਉਹਨਾਂ ਥਾਵਾਂ ਦਾ ਜਾਇਜ਼ਾ ਲਿਆ ਗਿਆ ਹੈ, ਜੋ ਦੋ ਧਿਰਾਂ ਵਿੱਚ ਝਗੜੇ ਦਾ ਕਾਰਨ ਬਣੀਆਂ ਹੋਈਆਂ ਸਨ ਅਤੇ ਸਬੰਧਤ ਪ੍ਰਸਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਝਗੜੇ ਨਿਪਟਾਏ ਜਾ ਰਹੇ ਹਨ। ਸ੍ਰੀ ਚੰਦਰੇਸ਼ਵਰ ਸਿੰਘ ਨੇ ਦੱਸਿਆ ਕਿ ਅੱਜ ਭਵਾਨੀਗੜ੍ਹ ਵਿਖੇ ਉਹ 6 ਸ਼ਿਕਾਇਤਾਂ ਦੇ ਨਿਪਟਾਰੇ ਲਈ ਪਹੁੰਚੇ ਸਨ ਜਿਥੇ ਕਿ 4 ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਹੀ ਕਰ ਦਿੱਤਾ ਗਿਆ ਹੈ ਜਦਕਿ ਦੋ ਸ਼ਿਕਾਇਤਾਂ ਦੇ ਹੱਲ ਲਈ ਉਹਨਾਂ ਦੁਆਰਾ ਨਰਾਇਣਗੜ੍ਹ ਤੇ ਤੂਰੀ ਪਿੰਡਾਂ ਦਾ ਦੌਰਾ ਕੀਤਾ ਗਿਆ। ਉਹਨਾਂ ਆਖਿਆ ਕਿ ਨਰਾਇਣਗੜ੍ਹ ਵਿੱਚ ਛੱਪੜ ਦੀ ਪੁਟਾਈ ਦੇ ਲਟਕੇ ਮਾਮਲੇ ਵਿੱਚ ਇੱਕ ਪੰਚਾਇਤੀ ਅਧਿਕਾਰੀ ਕੋਲੋਂ ਪੜਤਾਲ ਰਿਪੋਰਟ ਮੰਗੀ ਗਈ ਹੈ ਅਤੇ ਤੂਰੀ ਪਿੰਡ ਦਾ ਮਾਮਲਾ ਦੋਵਾਂ ਧਿਰਾਂ ਦੀ ਗੱਲਬਾਤ ਸੁਣਨ ਮਗਰੋਂ ਨਿਪਟਾ ਦਿੱਤਾ ਗਿਆ ਹੈ।