ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਸ਼ੁਰੂ
ਮਾਲਵਾ ਬਿਊਰੋ,ਚੰਡੀਗੜ੍ਹ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਟਰਮ ਵਨ ਦੀਆਂ ਪ੍ਰੀਖਿਆਵਾਂ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ।ਅੱਜ ਸੋਮਵਾਰ ਨੂੰ ਜ਼ਿਲ੍ਹੇ ਦੇ 247 ਪ੍ਰੀਖਿਆ ਕੇਂਦਰਾਂ ‘ਤੇ ਦੋਵਾਂ ਜਮਾਤਾਂ ਦੇ ਉਮੀਦਵਾਰ ਜਨਰਲ ਪੰਜਾਬੀ ਦੀ ਪ੍ਰੀਖਿਆ ਦੇਣਗੇ। 10ਵੀਂ ਦੀ ਪ੍ਰੀਖਿਆ ਸਵੇਰੇ 10 ਵਜੇ ਅਤੇ 12ਵੀਂ ਦੀ ਪ੍ਰੀਖਿਆ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਇਸ ਦੇ ਲਈ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕਰ ਲਈ ਹੈ।
ਏਡੀਸੀਪੀ ਹਰਜੀਤ ਸਿੰਘ ਧਾਲੀਵਾਲ, ਜੁਗਰਾਜ ਸਿੰਘ ਅਤੇ ਹਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ 13 ਤੋਂ 22 ਦਸੰਬਰ ਤੱਕ 90514 ਬੱਚਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪ੍ਰਸ਼ਾਸਨ ਨੇ ਸਾਰੇ ਕੇਂਦਰਾਂ ‘ਤੇ 530 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੈ।
ਹਰੇਕ ਪ੍ਰੀਖਿਆ ਕੇਂਦਰ ‘ਤੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਵੱਡੇ ਸਕੂਲਾਂ ਵਿੱਚ 2 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇਲਾਕਾ ਐਸ.ਐਚ.ਓ ਨੂੰ ਪ੍ਰੀਖਿਆ ਕੇਂਦਰਾਂ ‘ਤੇ ਪੀ.ਸੀ.ਆਰ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਤਾਂ ਜੋ ਕੋਈ ਸਮੱਸਿਆ ਆਉਣ ‘ਤੇ ਸਥਿਤੀ ਨੂੰ ਸੰਭਾਲਿਆ ਜਾ ਸਕੇ।
ਪ੍ਰੀਖਿਆ ਕੇਂਦਰਾਂ ਦੇ ਅੰਦਰ ਨਿਗਰਾਨੀ ਲਈ 1317 ਸੁਪਰਡੈਂਟ ਤਾਇਨਾਤ ਕੀਤੇ ਗਏ ਹਨ। ਜੇਕਰ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ 5 ਤੋਂ ਵੱਧ ਲੋਕ ਨਜ਼ਰ ਆਏ ਤਾਂ ਉਨ੍ਹਾਂ ਖ਼ਿਲਾਫ਼ ਧਾਰਾ 144 ਤਹਿਤ ਕਾਰਵਾਈ ਕੀਤੀ ਜਾਵੇਗੀ। ਪ੍ਰੀਖਿਆ ਕੇਂਦਰਾਂ ਵਿੱਚ ਸਿਰਫ਼ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਅਤੇ ਡਿਊਟੀ ਦੇਣ ਵਾਲੇ ਅਧਿਆਪਕਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ।