ਲੋਕ ਇਨਸਾਫ ਪਾਰਟੀ ਦੇ ਸਮਰਥਨ ਤੋ ਬਿਨਾ ਨਹੀ ਬਣੇਗੀ ਅਗਲੀ ਸਰਕਾਰ
ਹਲਕਾ ਸੰਗਰੂਰ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਾਂਗੇ - ਤਲਵਿੰਦਰ ਮਾਨ
ਸੰਗਰੂਰ (ਗੁਰਵਿੰਦਰ ਸਿੰਘ ) ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ ਨੂੰ ਦੇਖਦਿਆਂ ਇਹ ਪ੍ਰਤੀਤ ਹੁੰਦਾ ਹੈ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਵੀ ਇਕ ਪਾਰਟੀ ਜਾਂ ਇੱਕ ਸਿਆਸੀ ਧਿਰ ਪੰਜਾਬ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਮੇਰੀ ਬਣਾ ਸਕੇਗੀ ਅਤੇ 2022 ਚ' ਬਣਨ ਵਾਲੀ ਸਰਕਾਰ ਲੋਕ ਇਨਸਾਫ ਪਾਰਟੀ ਦੇ ਸਮਰਥਨ ਬਿਨਾਂ ਨਹੀਂ ਬਣ ਸਕੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਨੇ ਸੰਗਰੂਰ ਸ਼ਹਿਰ ਦੀ ਅਮਰ ਬਸਤੀ (ਮਹਿਲ ਮੁਬਾਰਕ) ਵਿਖੇ ਇਕ ਨੁੱਕਡ਼ ਮੀਟਿੰਗ ਚ' ਆਪਣੇ ਸੰਬੋਧਨ ਦੌਰਾਨ ਕੀਤਾ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮੁਫ਼ਤ ਵਾਲੇ ਐਲਾਨ ਕਰਨ ਵਿਚ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਵੇਗਾ ਸਗੋਂ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ। ਜਿਸ ਕਰਕੇ ਮਹਿੰਗਾਈ ਵਿੱਚ ਹੋਰ ਵੀ ਇਜ਼ਾਫ਼ਾ ਹੋਵੇਗਾ ਅਤੇ ਗ਼ਰੀਬ ਦਾ ਲੱਕ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਨਾਲ ਟੁੱਟ ਚੁੱਕਾ ਹੈ ਉਹ ਗ਼ਰੀਬ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਹੋ ਜਾਵੇਗਾ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਰ ਸਿਆਸੀ ਪਾਰਟੀ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਮੁਫ਼ਤ ਦੇ ਲਾਲਚ ਦਿਖਾ ਕੇ ਝੂਠੇ ਲਾਰੇ ਲਾਉਣ ਤੇ ਤੁਲੀਆਂ ਹਨ ਜਿਸ ਨਾਲ ਨਾ ਤਾਂ ਪੰਜਾਬੀਆਂ ਦਾ ਭਲਾ ਹੋਵੇਗਾ ਅਤੇ ਨਾ ਹੀ ਪੰਜਾਬ ਨੂੰ ਇਸ ਨਾਲ ਕੋਈ ਫ਼ਾਇਦਾ ਹੋਵੇਗਾ ਸਗੋਂ ਆਉਣ ਵਾਲੇ ਸਮੇਂ ਚ' ਸੂਬੇ ਵਿੱਚ ਆਰਥਿਕ ਸੰਕਟ ਹੋਰ ਵੀ ਗਹਿਰਾ ਹੋ ਜਾਵੇਗਾ।
ਮਾਂ ਨੇ ਅਖ਼ੀਰ ਵਿੱਚ ਬੋਲਦਿਆਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਕਲੌਤੀ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਦਾ ਰੋਡ ਮੈਪ ਰੱਖਦੀ ਹੈ ਅਤੇ ਪੰਜਾਬ ਦੇ ਲੁੱਟੇ ਜਾ ਰਹੇ ਦਰਿਆਈ ਪਾਣੀਆਂ ਦੀ ਕੀਮਤ ਵਸੂਲਣ ਦੀ ਗੱਲ ਕਰਦੀ ਹੈ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸ.ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਸਰਪ੍ਰਸਤ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਸੰਘਰਸ਼ ਸਦਕਾ ਹੀ ਪੰਜਾਬ ਵਿਧਾਨ ਸਭਾ ਵਿਚ ਦੂਜੇ ਸੂਬਿਆਂ ਨੂੰ ਮੁਫ਼ਤ ਜਾ ਰਹੇ ਪਾਣੀ ਦੀ ਕੀਮਤ ਵਸੂਲਣ ਦਾ ਬਿਲ ਪਾਸ ਹੋ ਸਕਿਆ ਸੀ।
ਉਨ੍ਹਾਂ ਅੰਤ ਵਿੱਚ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਹੱਥ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਪੰਜਾਬ ਨੂੰ ਮੁੜ ਤੋਂ ਤਰੱਕੀ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ, ਰਾਜੂ ਕੁਮਾਰ, ਵਿੱਕੀ ਸ਼ਰਮਾ, ਮਨੋਜ ਰਾਠੀ, ਬਲਦੇਵ ਸੋਢੀ ਆਦਿ ਹਾਜ਼ਰ ਸਨ।