Canada ਸਰਕਾਰ ਦੇ ਵੱਲੋਂ ਨਵੀਆਂ ਇੰਮੀਗਰੇਸ਼ਨ ਨੀਤੀਆਂ ਦਾ ਐਲਾਨ
ਔਟਵਾ (ਵਿਸ਼ੇਸ਼ ਪ੍ਰਤੀਨਿਧ):

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਦੇ ਹੁਕਮ ਦਿੰਦਿਆਂ ਕੌਮਾਂਤਰੀ ਵਿਦਿਆਰਥੀਆਂ ਨੂੰ ਪੀ.ਆਰ. ਦੇਣ ਦੇ ਮੌਕੇ ਵਧਾਉਣ ਦੇ ਹੁਕਮ ਦਿਤੇ ਗਏ ਹਨ ਅਤੇ ਗ਼ੈਰਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਨੂੰ ਪੱਕਾ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਕਰਨ ਦੀ ਹਦਾਇਤ ਵੀ ਦਿਤੀ ਗਈ ਹੈ।

ਟਰੂਡੋ ਵੱਲੋਂ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੂੰ ਲਿਖੇ ਪੱਤਰ ਵਿਚ 13 ਹਦਾਇਤਾਂ ਵੱਲ ਧਿਆਨ ਕੇਂਦਰਤ ਕਰਨ ਲਈ ਆਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੈਨੇਡਾ ਨੂੰ ਇਸ ਵੇਲੇ ਨਵੇਂ ਪ੍ਰਵਾਸੀਆਂ ਦੀ ਬੇਹੱਦ ਜ਼ਰੂਰਤ ਹੈ ਅਤੇ ਮੁਲਕ ਦੀਆਂ ਵਿਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀ ਇਸ ਜ਼ਰੂਰਤ ਨੂੰ ਪੂਰਾ ਕਰਨ ਦਾ ਵੱਡਾ ਸਰੋਤ ਬਣ ਸਕਦੇ ਹਨ।

ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਦਾ 13 ਨੁਕਾਤੀ ਏਜੰਡਾ ਇੰਮੀਗ੍ਰੇਸ਼ਨ ਦੀ ਰਫ਼ਤਾਰ ਨੂੰ ਤੇਜ਼ ਕਰਨ ਵਿਚ ਸਹਾਈ ਹੋਵੇਗਾ। ਟਰੂਡੋ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੂੰ ਦਿਤੀ ਪਹਿਲੀ ਹਦਾਇਤ ਵਿਚ ਕਿਹਾ ਗਿਆ ਹੈ ਕਿ ਮੁਲਕ ਦੀ ਆਰਥਿਕ ਤਰੱਕੀ ਲਈ ਨਵੇਂ ਪ੍ਰਵਾਸੀਆਂ ਦੀ ਆਮਦ ਵਿਚ ਕੋਈ ਕਮੀ ਨਾ ਆਉਣ ਦਿਤੀ ਜਾਵੇ।