ਕਾਲਜ,ਯੂਨੀਵਰਸਿਟੀਆਂ ਪੜਨ ਵਾਲੇ ਵਿਦਿਆਰਥੀਆਂ ਲਈ ਚੰਗੀ ਖਬਰ, ਪੜੋ ਸਾਰੀ ਖਬਰ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਟ੍ਰਾਂਸਪੋਰਟ ਵਿਭਾਗ ਵਿਚ 58 ਨਵੀਂਆਂ ਸਰਕਾਰੀ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੌਰਾਨ ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦੇਣ ਮੌਕੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਤਿੰਨ ਮਹੀਨਿਆਂ ਵਿਚ ਟ੍ਰਾਂਸਪੋਰਟ ਵਿਭਾਗ ’ਚ ਕਾਇਆ ਕਲਪ ਕੀਤੀ ਗਈ ਹੈ। ਤਿੰਨ ਮਹੀਨਿਆਂ ਵਿਚ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਚੰਗੀ ਕਾਰਗੁਜ਼ਾਰੀ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਭਾਵੇਂ ਵਿਦਿਆਰਥੀ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਦਾ ਹੈ, ਉਸ ਦਾ ਫ੍ਰੀ ਬੱਸ ਪਾਸ ਬਣਾਇਆ ਜਾਵੇਗਾ, ਜਿਸ ਤਹਿਤ ਉਹ ਫ੍ਰੀ ਸਫਰ ਕਰ ਸਕੇਗਾ। ਇਸ ਨਾਲ ਵਿਦਿਆਰਥੀਆਂ ਦੇ ਮਾਪਿਆਂ ’ਤੇ ਸਫਰ ਦੇ ਖਰਚੇ ਦਾ ਬੋਝ ਨਹੀਂ ਪਵੇਗਾ ਅਤੇ ਇਸ ਨਾਲ ਬੀਬੀਆਂ ਨੂੰ ਹੋਰ ਵੀ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ 400 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰ ਵਲੋਂ 842 ਬੱਸਾਂ ਨਵੀਂ ਪਈਆਂ ਜਾ ਰਹੀਆਂ ਹਨ ਅਤੇ 102 ਬੱਸ ਸਟੈਂਡਾਂ ਨੂੰ ਅੱਪਗਰੇਡ ਕਰਨ ਦੇ ਹੁਕਮ ਦਿੱਤੇ ਹਨ। ਇਸ ਤਹਿਤ ਅੱਜ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਨਵੀਂ ਬੱਸਾਂ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਰੋਡਵੇਜ਼ ਦੀ ਬੱਸ ਚਲਾ ਕੇ ਬੱਸਾਂ ਨੂੰ ਹਰੀ ਝੰਡੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਆ ਗਈ ਹੈ ਰੋਡਵੇਜ਼ ਦੀ ਲਾਰੀ ਸੋਹਣਾ ਬੂਹਾ ਸੋਹਣੀ ਬਾਰੀ, ਇਸ ਦੀ ਲੰਮੇ ਰੂਟ ਦੀ ਤਿਆਰੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਸਿਰਫ ਐਲਾਨ ਹੁੰਦੇ, ਉਹ ਇਥੇ ਆ ਕੇ ਦੇਖਣ ਕਿ ਐਲਾਨਾਂ ਨੂੰ ਕਿਵੇਂ ਅਮਲੀ ਜਾਮਾਂ ਪਾਇਆ ਜਾ ਰਿਹਾ ਹੈ। ਢਾਈ ਮਹੀਨਿਆਂ ਵਿਚ ਜੋ ਕਿਹਾ ਉਹ ਕੀਤਾ ਵੀ ਹੈ।