ਮੌਸਮ ਵਿਭਾਗ ਦੀ ਭਵਿੱਖਬਾਣੀ, ਅੱਜ ਪੰਜਾਬ ‘ਚ ਪਵੇਗਾ ਭਾਰੀ ਮੀਂਹ

ਚੰਡੀਗੜ੍ਹ

ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਵਿੱਚ ਸ਼ਨੀਵਾਰ ਤੋਂ ਜਿਥੇ ਲਗਾਤਾਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਉਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਜਾਰੀ ਹੈ।

ਜਿਸ ਨਾਲ ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹੋ ਗਏ ਹਨ। ਇਸ ਮਹੀਨੇ ਪੰਜਾਬ ਵਿੱਚ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਇਸੇ ਵਿਚਾਲੇ ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਵੀ ਪੰਜਾਬ ਤੇ ਹਰਿਆਣਾ ਵਿੱਚ ਸਾਰਾ ਦਿਨ ਕਿਣ-ਮਿਣ ਹੁੰਦੀ ਰਹੇਗੀ ਤੇ ਤੇਜ਼ ਹਵਾਵਾਂ ਚੱਲਣਗੀਆਂ। ਉਥੇ ਹੀ ਦੋ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਹਵਾਵਾਂ ਕਰਕੇ ਪਾਰੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਠੰਡ ਵਿੱਚ ਵਾਧਾ ਹੋਇਆ ਹੈ।

ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਸ਼ਨੀਵਾਰ ਤੋਂ ਬਰਫ਼ਬਾਰੀ ਹੋਣ ਨਾਲ 629 ਸੜਕਾਂ ਜਾਮ ਹੋ ਗਈਆਂ ਹਨ ਅਜੇ ਕੁਝ ਹੋਰ ਸੜਕਾਂ ਦੇ ਬੰਦ ਹੋਣ ਦੀ ਸੰਭਾਵਨਾ ਹੈ।

ਚੈਲ ਤੇ ਸ਼ਿਮਲਾ ਵਿੱਚ ਬਰਫ਼ਬਾਰੀ ਹੋਈ। ਇਸ ਮੌਸਮ ਵਿੱਚ ਬਰਫ਼ ਵੇਖਣ ਲਈ ਸ਼ਿਮਲਾ ਵਿੱਚ ਪਹੁੰਚਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ ਵੱਧ ਸਕਦੀ ਹੈ।

ਉਥੇ ਹੀ ਕਸ਼ਮੀਰ ਵਾਦੀ ਦੇ ਕਈ ਇਲਾਕਿਆਂ ‘ਚ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ ਜਦਕਿ ਹੋਰ ਇਲਾਕਿਆਂ ‘ਚ ਮੀਂਹ ਵੀ ਪਿਆ। ਬਰਫ਼ਬਾਰੀ ਕਰਕੇ ਸ਼੍ਰੀਨਗਰ-ਜੰਮੂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਵੈਸ਼ਣੋ ਦੇਵੀ ਧਾਮ ਲਈ ਹੈਲੀਕਾਪਟਰ ਸੇਵਾ ਮੁਲਤਵੀ ਕਰ ਦਿੱਤੀ ਗਈ ਹੈ। ਬਰਫ਼ਬਾਰੀ ਹੋਣ ਕਰਕੇ ਪਾਰੇ ਵਿੱਚ ਵੀ ਗਿਰਾਵਟ ਹੋਈ ਹੈ।