ਸਿੱਖਿਆ ਵਿਭਾਗ ਖੋਲ੍ਹੇਗਾ 26 ਜਨਵਰੀ ਤੋਂ ਸਕੂਲ?

ਮਾਲਵਾ ਬਿਊਰੋ, ਚੰਡੀਗੜ੍ਹ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬੇਸ਼ੱਕ ਹੁਕਮ ਜਾਰੀ ਕਰਦਿਆਂ ਹੋਇਆ ਪਿਛਲੇ ਦਿਨੀਂ ਕਿਹਾ ਸੀ ਕਿ ਸੂਬੇ ਦੇ ਸਕੂਲ 25 ਜਨਵਰੀ ਤੱਕ ਕੋਰੋਨਾ ਕਾਰਨ ਬੰਦ ਰੱਖੇ ਜਾਣਗੇ।

ਦੂਜੇ ਪਾਸੇ ਪੰਜਾਬ ਦੇ ਅੰਦਰ ਕੋਰੋਨਾ ਦੇ ਕੇਸ ਬੇਸ਼ੱਕ ਵੱਧ ਰਹੇ ਹਨ, ਪਰ ਇਸੇ ਵਿਚ ਮੰਗ ਉਠਣ ਲੱਗੀ ਹੈ ਕਿ ਸਕੂਲਾਂ ਨੂੰ ਖੋਲਿਆ ਜਾਵੇ।

ਸਿੱਖਿਆ ਸ਼ਾਸਤਰੀ ਅਤੇ ਅਧਿਆਪਕ ਸਹਿਬਾਨ ਮੰਗ ਕਰ ਰਹੇ ਹਨ ਕਿ ਵਿਦਿਆਰਥੀਆਂ ਦੇ ਪੇਪਰ ਸਿਰ ਤੇ ਹਨ, ਇਸ ਲਈ ਸਕੂਲਾਂ ਨੂੰ ਜਲਦ ਖੋਲਿਆ ਜਾਵੇ ਤਾਂ, ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਇਸੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਕੀ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ 26 ਜਨਵਰੀ ਤੋਂ ਸਕੂਲ ਖੋਲ੍ਹਣ ਦਾ ਹੁਕਮ ਦੇਵੇਗਾ?

ਦੱਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਹੋਇਆ ਸਮੂਹ ਸਿਆਸੀ ਪਾਰਟੀਆਂ ਚੋਣ ਜਲਸੇ ਕਰ ਰਹੀਆਂ ਹਨ ਅਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਨਾਲ ਨਾਲ ਕੋਰੋਨਾ ਵੀ ਫੈਲਾ ਰਹੀਆਂ ਹਨ।

ਚੋਣ ਕਮਿਸ਼ਨ ਨੂੰ ਚੋਣ ਰੈਲੀਆਂ ਦੀ ਤਾਂ ਬਹੁਤੀ ਫਿਕਰ ਹੈ ਅਤੇ ਇਕ ਰੈਲੀ ਵਿੱਚ 300 ਦੇ ਕਰੀਬ ਜਨਤਾ ਸੱਦਣ ਦਾ ਹੁਕਮ ਦਿੱਤਾ ਹੋਇਆ ਹੈ, ਪਰ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਜਿਥੇ ਗਿਣਤੀ ਦੇ ਬੱਚੇ ਪੜਦੇ ਹਨ, ਉਨ੍ਹਾਂ ਨੂੰ ਖੋਲਿਆ ਨਹੀਂ ਜਾ ਰਿਹਾ।

ਕੀ ਸਕੂਲਾਂ ਦੇ ਵਿੱਚ ਹੀ ਕੋਰੋਨਾ ਹੈ, ਸਿਆਸੀ ਲੀਡਰਾਂ ਦੀਆਂ ਰੈਲੀਆਂ ਵਿੱਚ ਕੋਰੋਨਾ ਨਹੀਂ ਹੈ? ਬੁੱਧੀਜੀਵੀ ਵਰਗ ਮੰਗ ਕਰ ਰਿਹਾ ਹੈ ਕਿ, ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਛੇਤੀ ਤੋਂ ਛੇਤੀ ਵਿਦਿਅਕ ਅਦਾਰੇ ਖੋਲ੍ਹੇ ਜਾਣ।