ਅੰਮ੍ਰਿਤਸਰ
ਸੰਯੁਕਤ ਸਮਾਜ ਮੋਰਚਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਹਲਕਾ ਪੂਰਬੀ ਦੇ ਉਮੀਦਵਾਰ ਅਪਾਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਦਫ਼ਤਰ ਇੰਚਾਰਜ ਸੋਹਣ ਸਿੰਘ ਨਾਗੀ ਦੀ ਪ੍ਰੇਰਨਾ ਸਦਕਾ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਹਾਜ਼ਰੀ ’ਚ ਘਰ ਵਾਪਸੀ ਕਰ ਲਈ।
ਜ਼ਿਕਰਯੋਗ ਹੈ ਕਿ ਅਪਾਰ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਜੁਝਾਰੂ ਸਾਥੀ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ’ਤੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਅਤੇ ਲੰਮੇ ਸਮੇਂ ਤੋਂ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਦੀ ਭੂਮਿਕਾ ਨਿਭਾਅ ਰਹੇ ਸਨ। ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਅਪਾਰ ਸਿੰਘ ਰੰਧਾਵਾ ਨੂੰ ਪਾਰਟੀ ਚਿੰਨ੍ਹ ਪਾ ਕੇ ਘਰ ਵਾਪਸੀ ਕਰਵਾਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ।
ਸਿਸੋਦੀਆ ਨੇ ਕਿਹਾ ਕਿ ਪਾਰਟੀ ਹਰ ਵਾਲੰਟੀਅਰ ਦਾ ਸਨਮਾਨ ਕਰਦੀ ਰਹੀ ਹੈ ਅਤੇ ਅਪਾਰ ਸਿੰਘ ਰੰਧਾਵਾ ਦਾ ਪਹਿਲਾਂ ਵਾਂਗ ਹੀ ਪਾਰਟੀ ਵਿੱਚ ਸਨਮਾਨ ਰਹੇਗਾ। ਅਪਾਰ ਸਿੰਘ ਰੰਧਾਵਾ ਨੇ ਭਰੋਸਾ ਦਿਵਾਇਆ ਕਿ ਉਹ ਵੀ ਆਮ ਲੋਕਾਂ ਵਾਂਗ ਪੰਜਾਬ ਦੇ ਭਲੇ ਲਈ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ। ਪਾਰਟੀ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਤਾਂ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।