ਲੋਕ ਇਨਸਾਫ ਪਾਰਟੀ ਵੱਲੋ ਐਲਾਨੇਂ ਉਮੀਦਵਾਰ ਵੱਲੋ ਕੀਤੀ ਪ੍ਰੈਸ ਕਾਨਫਰੰਸ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਲੋਕ ਇਨਸਾਫ ਪਾਰਟੀ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਹਲਕਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਵਿਖੇ ਕੀਤਾ ਗਿਆ। ਜਿਸ ਵਿੱਚ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਹਰਮਨਪ੍ਰੀਤ ਸਿੰਘ (ਡਿੱਕੀ ਜੇਜੀ) ਅਤੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਜਿਥੇ ਪੰਜਾਬ ਵਿੱਚ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਕੋਲ ਪੰਜਾਬ ਨੂੰ ਆਰਥਿਕ ਮੰਦਹਾਲੀ ਦੀ ਦਲਦਲ ਵਿੱਚੋਂ ਕੱਢਣ ਦਾ ਕੋਈ ਵੀ ਰੋਡ ਮੈਪ ਨਹੀਂ ਹੈ ਬਲਕਿ ਹਰ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਮੁਫ਼ਤਖੋਰੀ ਦੀ ਰਣਨੀਤੀ ਅਪਣਾ ਰਹੀ ਹੈ ਅਤੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣਾ ਚਾਹੁੰਦੀ ਹੈ ਜਿਸ ਕਰਕੇ ਲੋਕ ਇਨਸਾਫ ਪਾਰਟੀ ਵੱਲੋਂ ਕਿਸੇ ਵੀ ਰਾਜਨੀਤਕ ਧਿਰ ਨਾਲ ਗਠਬੰਧਨ ਨਹੀਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਜਾਰੀ ਕੀਤੇ ਗਏ ਆਪਣੇ ਮੈਨੀਫੈਸਟੋ ਵਿੱਚ ਕੋਈ ਵੀ ਝੂਠਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਨਹੀਂ ਕੀਤਾ ਗਿਆ ਬਲਕਿ ਪਾਰਟੀ ਵੱਲੋਂ ਇਕ ਰੋਡਮੈਪ ਦਿੰਦੇ ਹੋਏ ਪੰਜਾਬ ਦੇ ਲੁੱਟੇ ਜਾ ਰਹੇ ਦਰਿਆਈ ਪਾਣੀਆਂ ਦੀ ਕੀਮਤ ਜਿਸ ਦੀ ਕੀਮਤ 15 ਲੱਖ ਕਰੋੜ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਜਿਨ੍ਹਾਂ ਵਿੱਚ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਵੱਲੋਂ ਪਿਛਲੀ ਵਿਧਾਨ ਸਭਾ ਵਿੱਚ ਸੰਘਰਸ਼ ਕਰਦਿਆਂ ਪਾਣੀਆਂ ਦੀ ਕੀਮਤ ਵਸੂਲ ਕਰਨ ਵਾਲੇ ਬਿੱਲ ਨੂੰ ਵਿਧਾਨ ਸਭਾ ਵਿੱਚ ਪਾਸ ਕਰਵਾ ਲਿਆ ਗਿਆ ਸੀ ਪਰ ਬੜੇ ਅਫਸੋਸ ਨਾਲ ਕਹਿ ਰਹੇ ਹਾਂ ਕਿ ਨਾ ਤਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਰਾਜਸਥਾਨ ਨੂੰ ਪਾਣੀ ਦੇ ਬਿੱਲ ਬਣਾ ਕੇ ਭੇਜੇ ਗਏ ਅਤੇ ਨਾ ਹੀ ਕਾਂਗਰਸ ਸਰਕਾਰ ਵੱਲੋਂ ਪਾਣੀ ਦੇ ਬਿੱਲ ਬਣਾ ਕੇ ਰਾਜਸਥਾਨ ਨੂੰ ਭੇਜੇ ਗਏ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਸਮੇਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੀਡੀਆ ਦੀ ਹਾਜ਼ਰੀ ਵਿੱਚ ਲੁਧਿਆਣਾ ਵਿਖੇ ਪੰਜਾਬੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਜਲਦ ਹੀ ਪੰਜਾਬ ਦਾ ਦਰਿਆਈ ਪਾਣੀ ਜੋ ਦਿੱਲੀ ਨੂੰ ਜਾ ਰਿਹਾ ਹੈ ਉਸ ਦੀ ਬਣਦੀ ਕੀਮਤ ਉਹ ਪੰਜਾਬ ਨੂੰ ਭੇਜਣਗੇ ਪਰ ਆਪਣੇ ਆਪ ਨੂੰ ਬੜਾ ਸੱਚਾ-ਸੁੱਚਾ ਕਹਾਉਣ ਵਾਲੇ ਅਰਵਿੰਦ ਕੇਜਰੀਵਾਲ ਚੋਣਾਂ ਲੰਘਦਿਆਂ ਹੀ ਆਪਣੇ ਇਸ ਵਾਅਦੇ ਤੋਂ ਮੁੱਕਰ ਗਏ ਅਤੇ ਅੱਜ ਤੱਕ ਦਿੱਲੀ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਵੀ ਪਾਣੀ ਦੀ ਕੀਮਤ ਨਹੀਂ ਦਿੱਤੀ ਗਈ। ਇਸ ਕਰਕੇ ਲੋਕ ਇਨਸਾਫ ਪਾਰਟੀ ਨੇ ਬਿਨਾਂ ਕਿਸੇ ਗੱਠਜੋਡ਼ ਤੋਂ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ ਅਤੇ ਲੋਕ ਇਨਸਾਫ ਪਾਰਟੀ ਪਹਿਲ ਦੇ ਆਧਾਰ ਤੇ ਪੰਜਾਬ ਦੇ ਲੁੱਟੇ ਪਾਣੀਆਂ ਦੀ ਕੀਮਤ ਵਸੂਲ ਕਰੇਗੀ ਜਿਸ ਨਾਲ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣ ਸਕੇਗਾ।