ਜਲੰਧਰ
ਭਾਜਪਾ ਨੂੰ ਆਮ ਆਦਮੀ ਪਾਰਟੀ (ਆਪ) ਸੂਟ ਕਰਦੀ ਹੈ ਅਤੇ ਭਾਜਪਾ ਦਾ ਟਾਰਗੈੱਟ ਹੈ ਕਿ ‘ਆਪ’ ਨੂੰ ਹਵਾ ਦਿਓ ਤਾਂ ਕਿ ਉਹ 24-30 ਸੀਟਾਂ ਜਿੱਤ ਲਵੇ, ਜਿਸ ਨਾਲ ਪੰਜਾਬ ਵਿਚ ਤਿਕੋਣਾ ਬਹੁਮਤ ਆ ਜਾਵੇ, ਤਾਂ ਕਿ ਕੇਂਦਰ ਸਰਕਾਰ ਪੰਜਾਬ ਵਿਚ ਗਵਰਨਰ ਰਾਜ ਲਾ ਕੇ ਰਾਜ ਕਰ ਸਕੇ। ਉਕਤ ਦੋਸ਼ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਰਾਜਿੰਦਰ ਬੇਰੀ ਦੇ ਪੱਖ ਵਿਚ ਰਾਮਾ ਮੰਡੀ ਵਿਖੇ ਆਯੋਜਿਤ ਇਕ ਚੋਣ ਮੀਟਿੰਗ ਦੌਰਾਨ ਕਹੇ।
ਚੰਨੀ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ਨੇ ਸੂਬੇ ਵਿਚ 10 ਸਾਲ ਰਾਜ ਕੀਤਾ। ਉਸ ਦੌਰਾਨ ਸੁਖਬੀਰ ਬਾਅਦ ਦੁਪਹਿਰ 12 ਵਜੇ ਦੁਕਾਨ ਖੋਲ੍ਹਦਾ ਸੀ। ਉਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਆਏ, ਜਿਹੜੇ ਸ਼ਾਮ 4 ਵਜੇ ਦੁਕਾਨ ਬੰਦ ਕਰ ਦਿੰਦੇ ਸੀ, ਜਦਕਿ ਭਗਵੰਤ ਮਾਨ ਸ਼ਾਮ 6 ਵਜੇ ਬੰਦ ਕਰਦਾ ਹੈ। ਉਨ੍ਹਾਂ ‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਸਿੰਘ ‘ਤੇ ਵਿਅੰਗ ਕਰਦਿਆਂ ਕਿਹਾ ਕਿ ਸਟੇਜ ਚਲਾਉਣ ਤੇ ਸਟੇਟ ਚਲਾਉਣ ਵਿਚ ਬਹੁਤ ਫਰਕ ਹੁੰਦਾ ਹੈ। JB