ਅੰਮ੍ਰਿਤਸਰ
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਸੰਗਤਾਂ ਵਾਸਤੇ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਜਾਰੀ ਹੁਕਮਾਂ ਦੇ ਮੁਤਾਬਕ ਅਖੰਡ ਪਾਠ ਕਰਵਾਉਣ ਦੇ ਵਾਸਤੇ ਹੁਣ ਆਧਾਰ ਕਾਰਡ ਦੀ ਲੋੜ ਹੋਵੇਗੀ, ਜਦੋਂ ਕਿ ਪਹਿਲਾਂ ਇਹੋ ਜਿਹੀ ਕੋਈ ਸ਼ਰਤ ਨਹੀਂ ਸੀ।
ਪੰਜਾਬੀ ਜਾਗਰਣ ਦੀ ਖਬਰ ਦੇ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਆਈ ਸੰਗਤ ਕੋਲੋਂ ਆਧਾਰ ਕਾਰਡ ਮੰਗਿਆ ਜਾ ਰਿਹਾ ਹੈ, ਜਿਸ ਦੇ ਕਾਰਨ ਸੰਗਤਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਤਾਂ ਲਈ ਨਵਾਂ ਫੁਰਮਾਨ ਜਾਰੀ ਕਰਦਿਆ ਇਸ ਨੂੰ ਨੋਟ ਵੱਲੋਂ ਰਸੀਦ ਬੁੱਕ ’ਤੇ ਵੀ ਛਾਪ ਦਿੱਤਾ ਹੈ।
ਮੌਜੂਦਾ ਸਮੇਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ 9500 ਹੈ, ਜਦਕਿ ਸ੍ਰੀ ਅਖੰਡ ਪਾਠ ਦੀ ਤਰੀਖ ਮੌਕੇ ਜੇਕਰ ਭੇਟਾ ਵਧੇਗੀ ਤਾਂ ਵਧੀ ਹੋਈ ਭੇਟਾ ਦਾ ਬਕਾਇਆ ਲੈਣ ਲਈ ਵੀ ਰਸੀਦ ਬੁੱਕ ’ਤੇ ਇਹ ਨੋਟ ਵੀ ਲਿਖ ਦਿੱਤਾ ਹੈ।
ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿਚ ਬੁਕਿੰਗ ਨਹੀਂ ਕੀਤੀ ਜਾ ਰਹੀ, ਵੱਡੀ ਮੁਸ਼ਕਿਲ ਤਾਂ ਸੰਗਤਾਂ ਨੂੰ ਉਸ ਸਮੇਂ ਝੱਲਣੀ ਪੈ ਰਹੀ ਹੈ, ਜਦੋਂ ਕਿ ਸਵਰਗਵਾਸ ਹੋਏ ਵਿਅਕਤੀ ਦੀ ਯਾਦ ਵਿਚ ਬੁਕਿੰਗ ਸਮੇਂ ਉਸ ਦਾ ਆਧਾਰ ਕਾਰਡ ਮੰਗਿਆ ਜਾ ਰਿਹਾ ਹੈ। ਪੁਰਾਣੇ ਸਮੇਂ ਵਿਚ ਬੁਕਿੰਗ ਸਮੇਂ ਭੇਟਾ ਘੱਟ ਸੀ, ਜਿਸ ਦੀ ਪੂਰਤੀ ਕਰਨ ਲਈ ਸੰਗਤਾਂ ਪਾਸੋਂ ਮੌਜੂਦਾ ਭੇਟਾ ਦੀ ਹੀ ਮੰਗ ਕੀਤੀ ਜਾ ਰਹੀ ਹੈ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਜਾਰੀ ਇਸ ਨਵੇਂ ਫਰਮਾਨ ‘ਤੇ ਕੁਝ ਕੁ ਸੰਗਤਾਂ ਇਤਰਾਜ਼ ਜਤਾ ਰਹੀਆਂ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਘਰ ਦੇ ਵਿਚ ਅਜਿਹੀ ਸ਼ਰਤ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਸਬੰਧੀ ਸੰਗਤਾਂ ਲਈ ਅਧਾਰ ਕਾਰਡ ਦੀ ਮੰਗ ਸਬੰਧੀ ਜੇਕਰ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਇਸ ਨੂੰ ਵਿਚਾਰ ਕੇ ਕੋਈ ਹੋਰ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਕਸਦ ਪ੍ਰਬੰਧ ਨੂੰ ਠੀਕ ਕਰਨਾ ਹੈ ਨਾ ਕਿ ਸੰਗਤਾਂ ਲਈ ਪ੍ਰੇਸ਼ਾਨੀ ਪੈਦਾ ਕਰਨਾ ਹੈ।