ਬਰਨਾਲਾ
10 ਮਾਰਚ ਨੂੰ ਆਏ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲੇ ਭਾਰੀ ਬਹੁਮਤ ਨੇ ਜਿਥੇ ਵਿਰੋਧੀਆਂ ਦੀਆਂ ਜੜ੍ਹਾ ਹਿਲਾ ਦਿੱਤੀਆਂ ਹਨ, ਉਥੇ ਹੀ ਦੂਜੇ ਪਾਸੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਦੱਸੇ ਮਾਰਗ ਤੇ ਚੱਲਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਵਿਧਾਇਕ ਐਕਸ਼ਨ ਮੋਡ ਵਿੱਚ ਹਨ।
ਨਸ਼ਾ ਸਮਗਲਰਾਂ ‘ਤੇ ਨਕੇਲ ਕੱਸਣ ਲਈ ਹੁਣ ਆਪ ਵਿਧਾਇਕ ਖੁਦ ਮੈਦਾਨ ਵਿੱਚ ਉੱਤਰ ਆਏ ਹਨ। ਜਾਣਕਾਰੀ ਦੇ ਮੁਤਾਬਿਕ, ਬਰਨਾਲਾ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਪਹਿਲੇ ਹੀ ਦਿਨ ਨਸ਼ਿਆਂ ਦੇ ਸੌਦਾਗਰ ਨੂੰ ਕਾਬੂ ਕਰਵਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਮੈਂ ਕਿਤੇ ਵੀ ਨਸ਼ਾ ਨਹੀਂ ਵਿਕਣ ਦੇਵਾਂਗਾ, ਜੇਕਰ ਕੋਈ ਨਸ਼ਾ ਵੇਚਣਾ ਫੜ੍ਹਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਤ ਹੇਅਰ ਨੇ ਜ਼ਿਲ੍ਹਾ ਡਰੱਗ ਇੰਸਪੈਕਟਰ ਇਕਾਂਤ ਸਿੰਗਲਾ ਤੇ ਪੁਲਿਸ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ’ਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇ ਤੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹ ਭੇਜਿਆ ਜਾਵੇ।
ਉਧਰ ਦੂਜੇ ਪਾਸੇ, ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਆਈਪੀਐੱਸ ਨੇ ਕਿਹਾ ਕਿ ਡੀਐੱਸਪੀ ਬਰਨਾਲਾ ਰਾਜੇਸ਼ ਸਨੇਹੀ ਦੀ ਅਗਵਾਈ ’ਚ ਬਰਨਾਲਾ ਪੁਲਿਸ ਨੇ ਇੰਡੀਅਨ ਮੈਡੀਕਲ ਐਕਟ ਤਹਿਤ ਦੁਕਾਨਦਾਰ ਰਾਮ ਲਾਲ ਬਾਂਸਲ ਵਾਸੀ ਹੰਡਿਆਇਆ ਰੋਡ, ਬਰਨਾਲਾ ਨੂੰ ਕਾਬੂ ਕਰਕੇ ਕੇਸ ਦਰਜ ਕਰਦਿਆਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।