ਭਵਾਨੀਗੜ੍ਹ, 20 ਅਪ੍ਰੈਲ (ਗੁਰਵਿੰਦਰ ਸਿੰਘ)-ਸਰਕਾਰ ਵੱਲੋਂ ਦਿੱਤੀਆਂ ਸੜਕੀ ਨਿਯਮਾਂ ਸਬੰਧੀ ਹਦਾਇਤਾਂ ਦੀ ਹਰ ਵਿਅਕਤੀ ਨੂੰ ਸੁਚੱਜੇ ਢੰਗ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸੜਕਾਂ ਉੱਪਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹਨਾ ਸਬਦਾ ਦਾ ਪ੍ਰਗਟਾਵਾ ਆਰ ਟੀ ਏ ਕਰਨਵੀਰ ਸਿੰਘ ਛੀਨਾ ਨੇ ਭਵਾਨੀਗੜ੍ਹ ਸੰਗਰੂਰ ਨੈਸ਼ਨਲ ਹਾਈਵੇ ਤੇ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਛੀਨਾ ਨੇ ਕਿਹਾ ਕਿ ਹਰੇਕ ਸਕੂਲ ਵੈਨ/ਬੱਸ ਤੇ ਪੀਲਾ ਰੰਗ ਕੀਤਾ ਹੋਣਾ ਚਾਹੀਦਾ ਹੈ ਅਤੇ ਬੱਸ ਦੇ ਵਿੱਚ ਫਸਟ ਏਡ ਬੌਕਸ, ਅੱਗ ਬੁਝਾਊ ਯੰਤਰ ਦੀ ਸਹੂਲਤ, ਡਰਾਈਵਰ ਅਤੇ ਕੰਡਕਟਰ ਦੇ ਵਰਦੀ ਲਾਜ਼ਮੀ ਹੋਣੀ ਚਾਹੀਦੀ ਹੈ, ਸਕੂਲ ਵੈਨ ਜਿੰਨੀਆਂ ਸੀਟਾਂ ਪਾਸ ਹੈ ਉਸ ਮੁਤਾਬਕ ਹੀ ਸਕੂਲ ਵੈਨ ਦੇ ਵਿੱਚ ਬੱਚੇ ਹੋਣੇ ਚਾਹੀਦੇ ਹਨ ਕਿਉਂਕਿ ਓਵਰਲੋਡ ਬੱਚੇ ਹੋਣ ਕਾਰਨ ਹਮੇਸ਼ਾਂ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਗਰਮੀ ਦੇ ਮੌਸਮ ਵਿਚ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਹੈ। ਸ੍ਰੀ ਛੀਨਾ ਨੇ ਕਿਹਾ ਕਿ ਹਰੇਕ ਸਕੂਲ ਵੈਨ ਦੇ ਪੇਪਰ ਲਾਜ਼ਮੀ ਪੂਰੇ ਹੋਣੇ ਚਾਹੀਦੇ ਹਨ ਅਤੇ ਪੇਪਰ ਸਕੂਲ ਵੈਨ ਦੇ ਵਿੱਚ ਮੌਜੂਦ ਹੋਣੇ ਚਾਹੀਦੇ ਹਨ।