ਤਹਿਸੀਲਦਾਰ ਦੇ ਦਫਤਰ ਦਾ ਕੀਤਾ ਘਿਰਾਓ
ਬਿਨਾ ਕਿਸੇ ਕਾਰਨ ਗਿਰਦਾਵਰੀ ਦਾ ਕੰਮ ਰੋਕੇ ਜਾਣ ਤੋ ਨਰਾਜ ਆਗੂਆਂ ਕੀਤਾ ਪ੍ਰਦਰਸ਼ਨ

ਭਵਾਨੀਗੜ੍ਹ, 25 ਅਪਰੈਲ (ਗੁਰਵਿੰਦਰ ਸਿੰਘ)ਅੱਜ ਭਵਾਨੀਗੜ ਵਿਖੇ ਸੀਪੀਐਮ ਦੀ ਅਗਵਾਈ ਹੇਠ ਤਹਿਸੀਲਦਾਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਭੂਪ ਚੰਦ ਚੰਨੋਂ, ਚਮਕੌਰ ਸਿੰਘ ਖੇੜੀ ਅਤੇ ਦਵਿੰਦਰ ਸਿੰਘ ਨੂਰਪੁਰਾ ਨੇ ਦੋਸ਼ ਲਗਾਇਆ ਕਿ ਤਹਿਸੀਲ ਦਫਤਰ ਰਿਸ਼ਵਤਖੋਰੀ ਦਾ ਅੱਡਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਕੰਮ ਰਿਸ਼ਵਤ ਲਏ ਬਿਨਾਂ ਨਹੀਂ ਕੀਤਾ ਜਾਂਦਾ। ਪਿੰਡ ਨੂਰਪੁਰਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਦੀ ਜ਼ਮੀਨ ਦੀ ਗਿਰਦਾਵਰੀ ਬਿਨਾਂ ਕਿਸੇ ਤਕਨੀਕੀ ਨੁਕਸ ਤੋਂ ਹੀ ਲੰਬੇ ਸਮੇਂ ਤੋਂ ਰੋਕ ਰੱਖੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨੂਰਪੁਰਾ ਦੇ ਕਿਸਾਨ ਦਾ ਕੰਮ 29 ਅਪਰੈਲ ਤੱਕ ਨਾ ਕੀਤਾ ਗਿਆ ਤਾਂ ਨਾਇਬ ਤਹਿਸੀਲਦਾਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸੇ ਦੌਰਾਨ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਨੇ ਧਰਨੇ ਵਿੱਚ ਪਹੁੰਚ ਕੇ ਕਿਸਾਨ ਦਾ ਕੰਮ ਜਲਦੀ ਕਰਨ ਦਾ ਭਰੋਸਾ ਦਿੱਤਾ।