ਪੰਜਾਬ ਭਰ ‘ਚ ਸੇਵਾ ਕੇਂਦਰਾਂ ਦੇ ਮੁਲਾਜ਼ਮ 16 ਮਈ ਤੋਂ ਕਰਨਗੇ ਹੜਤਾਲ

ਲੁਧਿਆਣਾ

ਆਪਣੀਆਂ ਮੰਗਾਂ ਨੂੰ ਲੈ ਕੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਮਾਨ ਸਰਕਾਰ ਖਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ, ਸੇਵਾ ਕੇਂਦਰਾਂ ਦੇ ਮੁਲਾਜ਼ਮ 16 ਮਈ ਤੋਂ ਪੰਜਾਬ ਭਰ ‘ਚ ਹੜਤਾਲ ‘ਤੇ ਜਾਣਗੇ।

ਸੇਵਾ ਕੇਂਦਰਾਂ ‘ਚ ਤਾਇਨਾਤ ਸਮੂਹ ਮੁਲਾਜ਼ਮਾਂ ਦੀਆਂ ਮੰਗਾਂ ਹਨ ਕਿ, ਉਨ੍ਹਾਂ ਦੀ ਤਨਖ਼ਾਹ ਨੂੰ 20,000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਕੋਰੋਨਾ ਦੌਰਾਨ, ਜੋ ਤਨਖ਼ਾਹ ਰੋਕੀ ਗਈ ਸੀ, ਉਸ ਨੂੰ ਵੀ ਜਾਰੀ ਕੀਤੀ ਜਾਵੇ।

ਇਸ ਦੇ ਨਾਲ ਹੀ ਸਾਰੇ ਕਰਮਚਾਰੀਆਂ ਨੂੰ ਹੈਲਥ ਪਾਲਿਸੀ ‘ਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਸੇਵਾ ਕੇਂਦਰਾਂ ‘ਚ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਤਨਖਾਹ ਆਉਣ-ਜਾਣ ‘ਚ ਹੀ ਖਰਚ ਹੋ ਜਾਂਦੀ ਹੈ।

ਇਸ ਲਈ ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਨਜ਼ਦੀਕੀ ਸੇਵਾ ਕੇਂਦਰਾਂ ‘ਚ ਹੀ ਤਾਇਨਾਤ ਰਹਿਣ ਦਿੱਤਾ ਜਾਵੇ, ਤਾਂ ਕਿ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਕਰਮਚਾਰੀ 16 ਮਈ ਨੂੰ ਇਕ ਰੋਜ਼ਾ ਹੜਤਾਲ ਕਰਨ ਜਾ ਰਹੇ ਹਨ। JB