ਵਿਨਰਜੀਤ ਗੋਲਡੀ ਦੀ ਅਗਵਾਈ ਚ ਭਵਾਨੀਗੜ ਚ ਕਮਲਦੀਪ ਕੌਰ ਦਾ ਚੋਣ ਪ੍ਚਾਰ ਕਰਨ ਪੁੱਜੇ ਸੁਖਬੀਰ ਬਾਦਲ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਜੱਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ 'ਚ ਚੋਣ ਪ੍ਰਚਾਰ ਲਈ ਪਿੰਡ ਨਦਾਮਪੁਰ ਸਰਕਲ ਦੇ ਵਰਕਰਾਂ ਦਾ ਇਕੱਠ ਕੀਤਾ ਗਿਆ। ਇਸ ਮੌਕੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਸੰਬੋਧਨ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਧੂਰੀ ਹਲਕੇ ਦੀਆਂ ਕੰਧਾਂ ’ਤੇ ਪਹਿਲਾਂ ਲਿਖਿਆ ਹੋਇਆ ਸੀ ਕਿ ਇਕ ਮੌਕਾ ਝਾੜੂ ਨੂੰ ਦਿਓ। ਜਿੱਤਣ ਤੋਂ ਬਾਅਦ ਹੁਣ ਉਸ ਹਲਕੇ ਦੀਆਂ ਕੰਧਾਂ ’ਤੇ ਲੋਕਾਂ ਵਲੋਂ ਲਿਖਿਆ ਗਿਆ ਹੈ ਕਿ ਹੁਣ ਵੋਟ ਕਦੇ ਨਾ ਝਾੜੂ ਨੂੰ ਦਿਓ। ਸੁਖਬੀਰ ਨੇ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਅਸਲ ’ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈ ਸਗੋਂ ਪੰਜਾਬ ਦਾ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਹੈ। ਕੇਜਰੀਵਾਲ ਦਿੱਲੀ ਤੋਂ ਬੈਠ ਕੇ ਪੰਜਾਬ ਨੂੰ ਚਲਾ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਸੰਗਰੂਰ ਤੋਂ 2 ਵਾਰ ਵਿਧਾਇਕ ਬਣਨ ਦੇ ਬਾਵਜੂਦ ਭਗਵੰਤ ਮਾਨ ਇਕ ਵਾਰ ਵੀ ਉਕਤ ਹਲਕੇ ’ਚ ਨਹੀਂ ਗਏ ਅਤੇ ਨਾ ਹੀ ਉਥੋ ਦੇ ਲੋਕਾਂ ਨੂੰ ਮਿਲੇ ਹਨ। ਸੁਖਬੀਰ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਹੈ, ਜੋ 24 ਘੰਟੇ ਪੰਜਾਬ ਦੇ ਫ਼ੈਸਲੇ ਕਰਦਾ ਰਹਿੰਦਾ ਹੈ। ਸੂਬੇ ਦੀ ਜਨਤਾ ਨੂੰ ਕੇਜਰੀਵਾਲ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪੰਜਾਬ ਦੇ ਲੋਕ ਇਨ੍ਹਾਂ ਜਲਦੀ ਕਿਸੇ ਤੋਂ ਵੀ ਦੁੱਖੀ ਨਹੀਂ ਹੋਏ, ਜਿਨ੍ਹਾਂ ਜਲਦੀ ਝਾੜੂ ਵਾਲਿਆਂ ਤੋਂ ਉਹ ਦੁੱਖੀ ਹੋ ਗਏ ਹਨ। ਇਨ੍ਹਾਂ ਚੋਣਾਂ ’ਚ ਲੋਕ ‘ਆਪ’ ਉਮੀਦਵਾਰ ਦੀ ਜ਼ਮਾਨਤ ਜਬਤ ਕਰਵਾ ਕੇ ਆਪਣਾ ਗੁੱਸਾ ਕੱਢਣਗੇ। ਇਸ ਚੋਣ ਨਤੀਜੇ ’ਚ ਝਾੜੂ ਤੀਸਰੇ ਜਾਂ ਚੌਥੇ ਸਥਾਨ ’ਤੇ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ’ਚ ਨਾ ਹੀ ਸਰਕਾਰ ਨਾਮ ਦੀ ਕੋਈ ਚੀਜ਼ ਹੈ ਅਤੇ ਨਾ ਹੀ ਕਾਨੂੰਨ ਨਾਮ ਦੀ। ‘ਆਪ’ ਦੇ ਰਾਜ ’ਚ ਬੇਖੌਫ ਗੈਂਗਸਟਾਰਾਂ ਵੱਲੋਂ ਖੁੱਲੇਆਮ ਕਿਸਾਨਾਂ, ਗਾਇਕਾਂ ਅਤੇ ਕਬੱਡੀ ਖਿਡਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ‘ਆਮ’ ਸਰਕਾਰ ਵਲੋਂ 1000 ਰੁਪਏ ਦਿੱਤੇ ਜਾਣ ਦੇ ਬਿਆਨ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਕਿਸੇ ਜਨਾਨੀ ਦੇ ਖ਼ਾਤੇ ’ਚ ਕੋਈ ਪੈਸਾ ਨਹੀਂ ਆਉਣਾ। ਸੁਖਬੀਰ ਨੇ ਕਿਹਾ ਕਿ ਜੂਨ 1984 ’ਚ ਗਾਂਧੀ ਪਰਿਵਾਰ ਦੇ ਹੁਕਮਾਂ ’ਤੇ ਟੈਂਕਾਂ-ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕੀਤਾ ਗਿਆ। ਦੇਸ਼ ਦੀਆਂ ਜੇਲ੍ਹਾਂ ’ਚ ਕਈ ਬੰਦੀ ਸਿੱਖ ਸਜ਼ਾ ਪੂਰੀਆਂ ਹੋਣ ਦੇ ਬਾਵਜੂਦ ਬੰਦ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਰਿਹਾਅ ਨਹੀਂ ਕਰ ਰਹੀ। ਮੁੱਖ ਮੰਤਰੀ ਭਗਵੰਤ ਮਾਨ ਕੋਲ ਬੰਦੀ ਸਿੰਘਾਂ ਦੇ ਰਿਹਾਅ ਹੋਣ ਦੀਆਂ ਫ਼ਾਇਲਾਂ ਪਈਆਂ ਹਨ, ਜਿਨ੍ਹਾਂ ਨੂੰ ਉਹ ਨਜ਼ਰਅੰਦਾਜ਼ ਕਰ ਰਹੇ ਹਨ। ਸੁਖਬੀਰ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਹੁਣ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਰੱਦ ਕਰਵਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ, ਪੱਕੀਆਂ ਸੜਕਾਂ, ਪਾਣੀ, ਸਿੱਖਿਆ ਸਣੇ ਕਈ ਸਹੂਲਤਾਵਾਂ ਦਿੱਤੀਆਂ ਸਨ।